ਬਿਲਾਸਪੁਰ : ਹਿਮਾਚਲ ਪ੍ਰਦੇਸ਼ ਵਿਚ ਪਿਛਲੇ ਸਾਲ ਕੁਦਰਤੀ ਆਫਤਾਂ ਕਾਰਨਬਿਲਾਸਪੁਰ ਦੇ 1000 ਤੋਂ ਜ਼ਿਆਦਾ ਕਿਸਾਨਾਂ ਨੂੰ 57 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਹੈ। ਸੂਬੇ ਦੇ ਤਕਨੀਕੀ ਸਿੱਖਿਆ, ਵੋਕੇਸ਼ਨਲ ਅਤੇ ਉਦਯੋਗਿਕ ਸਿਖਲਾਈ ਮੰਤਰੀ ਰਾਜੇਸ਼ ਧਰਮਾਣੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਧਰਮਾਣੀ ਮੁਤਾਬਕ ਸੂਬੇ ਦੇ ਰਾਹਤ ਨਿਯਮਾਂ ਵਿਚ ਸੋਧ ਤੋਂ ਬਾਅਦ 1,078 ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਫੈਸਲਾ ਲਿਆ ਗਿਆ ਹੈ। ਇਕ ਅਧਿਕਾਰਤ ਬਿਆਨ ਮੁਤਾਬਕ ਧਰਮਾਣੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਹੜ੍ਹਾਂ ਨਾਲ ਪ੍ਰਭਾਵਿਤ ਵਾਹੀਯੋਗ ਜ਼ਮੀਨ ਲਈ ਮਾਮੂਲੀ ਤੌਰ 'ਤੇ 1400 ਰੁਪਏ ਪ੍ਰਤੀ ਬਿਘਾ ਮੁਆਵਜ਼ਾ ਦਿੱਤਾ ਸੀ ਪਰ ਮੌਜੂਦਾ ਕਾਂਗਰਸ ਸਰਕਾਰ ਨੇ ਇਸ ਨੂੰ ਵਧਾ ਕੇ 5,000 ਰੁਪਏ ਪ੍ਰਤੀ ਬਿਘਾ ਕਰ ਦਿੱਤਾ ਹੈ।
ਇਸੇ ਤਰ੍ਹਾਂ ਵਾਹੀਯੋਗ ਅਤੇ ਬਾਗਬਾਨੀ ਜ਼ਮੀਨ ਦੇ ਨੁਕਸਾਨ ਲਈ ਮੁਆਵਜ਼ਾ ਰਾਸ਼ੀ 3600 ਰੁਪਏ ਪ੍ਰਤੀ ਬਿਘਾ ਤੋਂ ਵਧਾ ਕੇ 10,000 ਰੁਪਏ ਪ੍ਰਤੀ ਬਿਘਾ ਕਰ ਦਿੱਤੀ ਗਈ ਹੈ, ਜਦਕਿ ਫ਼ਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਜੋ ਪਹਿਲਾਂ 300 ਤੋਂ 500 ਰੁਪਏ ਪ੍ਰਤੀ ਬਿਘਾ ਸੀ, ਨੂੰ ਵਧਾ ਕੇ 2000 ਰੁਪਏ ਪ੍ਰਤੀ ਬਿਘਾ ਕਰ ਦਿੱਤਾ ਗਿਆ ਹੈ। ਧਰਮਾਣੀ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਨੇ ਛੋਟੀਆਂ ਸਿੰਚਾਈ ਸਕੀਮਾਂ, ਪਾਣੀ ਦੇ ਭੰਡਾਰਨ ਢਾਂਚੇ ਅਤੇ ਟੈਂਕ ਨਿਰਮਾਣ ਵਰਗੀਆਂ ਪਹਿਲਕਦਮੀਆਂ ਰਾਹੀਂ 230.63 ਹੈਕਟੇਅਰ ਜ਼ਮੀਨ ਨੂੰ ਸਿੰਚਾਈ ਅਧੀਨ ਲਿਆਂਦਾ ਹੈ।
ਰਾਜ ਸਰਕਾਰ ਬਿਲਾਸਪੁਰ ਜ਼ਿਲ੍ਹੇ ਵਿਚ ਸਿੰਚਾਈ ਸਹੂਲਤਾਂ ਦੇ ਵਿਸਥਾਰ ਲਈ ਵਚਨਬੱਧ ਹੈ। ਮੰਤਰੀ ਨੇ ਕਿਹਾ ਕਿ ਹਿਮਾਚਲ ਸਰਕਾਰ ਨੇ ਖੇਤੀ ਉਤਪਾਦਕਤਾ ਵਧਾਉਣ ਅਤੇ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਹਿਮ ਉਨਤੀ ਯੋਜਨਾ ਸ਼ੁਰੂ ਕੀਤੀ ਹੈ। ਇਸ ਸਕੀਮ ਤਹਿਤ ਜ਼ਿਲ੍ਹੇ ਦੇ ਪਿੰਡਾਂ ਅਤੇ ਪੰਚਾਇਤਾਂ ਵਿਚ 72 ਕਲੱਸਟਰ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਹਰੇਕ ਕਲੱਸਟਰ ਨੂੰ ਖੇਤੀਬਾੜੀ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਆਧੁਨਿਕ ਤਕਨਾਲੋਜੀ ਨੂੰ ਅਪਣਾਉਣ ਲਈ 10 ਲੱਖ ਰੁਪਏ ਅਲਾਟ ਕੀਤੇ ਗਏ ਹਨ।