ਜ਼ੀਰਕਪੁਰ : ਸੂਬਾ ਸਰਕਾਰ ਦੀ ਨਸ਼ਿਆਂ ਖ਼ਿਲਾਫ਼ ਮੁਹਿੰਮ ਤਹਿਤ ਇਕ ਪਾਸੇ ਪੁਲਸ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰ ਰਹੀ ਹੈ, ਉੱਥੇ ਹੀ ਡਰੱਗ ਵਿਭਾਗ ਨੇ ਮੈਡੀਕਲ ਨਸ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਲਈ ਵੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਤਹਿਤ ਬੁੱਧਵਾਰ ਨੂੰ ਢਕੌਲੀ ਥਾਣੇ ਦੇ ਐੱਸ. ਐੱਚ. ਓ. ਡੀ. ਐੱਸ. ਪੀ. ਪ੍ਰੀਤਕਵਲ ਸਿੰਘ ਤੇ ਡਰੱਗ ਇੰਸਪੈਕਟਰ ਜੈਜੈਕਾਰ ਸਿੰਘ ਦੀ ਅਗਵਾਈ ਹੇਠ ਵਿਭਾਗ ਦੀ ਟੀਮ ਨੇ ਪੁਲਸ ਨਾਲ ਮਿਲ ਕੇ ਜ਼ੀਰਕਪੁਰ ਸ਼ਹਿਰ ਦੇ ਢਕੌਲੀ ਖੇਤਰ ’ਚ ਮੈਡੀਕਲ ਸਟੋਰਾਂ ਤੇ ਕਲੀਨਿਕਾਂ ’ਤੇ ਛਾਪੇਮਾਰੀ ਤੇ ਜਾਂਚ ਕੀਤੀ ਤੇ ਸੰਚਾਲਕਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ। ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਪ੍ਰੀਤਕਵਲ ਸਿੰਘ ਤੇ ਡਰੱਗ ਇੰਸਪੈਕਟਰ ਜੈਜੈਕਾਰ ਸਿੰਘ ਨੇ ਦੱਸਿਆ ਕਿ ਕਾਰਵਾਈ ਕਰਦਿਆਂ ਸ਼ਹਿਰ ਦੇ ਵੱਖ-ਵੱਖ ਮੈਡੀਕਲ ਸਟੋਰਾਂ ਤੇ ਕਲੀਨਿਕਾਂ ਦਾ ਨਿਰੀਖਣ ਕੀਤਾ ਗਿਆ।
ਹਾਲਾਂਕਿ ਕਿਸੇ ਵੀ ਮੈਡੀਕਲ ਸਟੋਰ ਤੇ ਕਲੀਨਿਕ ’ਚ ਕੁੱਝ ਵੀ ਸ਼ੱਕੀ ਨਹੀਂ ਪਾਇਆ ਗਿਆ ਅਤੇ ਨਾ ਹੀ ਕੋਈ ਨਸ਼ੀਲੀ ਦਵਾਈ ਹੀ ਪ੍ਰਾਪਤ ਹੋਈ। ਐੱਸ. ਐੱਚ. ਓ. ਢਕੌਲੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ‘ਚੋਂ ਨਸ਼ਿਆਂ ਦੇ ਖ਼ਾਤਮੇ ਲਈ ਐੱਸ. ਐੱਸ. ਪੀ. ਮੋਹਾਲੀ ਦੀ ਦੇਖ-ਰੇਖ ਹੇਠ ਜ਼ਿਲ੍ਹੇ ’ਚ ਤਿੰਨ-ਪੱਖੀ ਰਣਨੀਤੀ-ਇਨਫੋਰਸਮੈਂਟ, ਡੀ-ਐਡਿਕਸ਼ਨ ਅਤੇ ਪ੍ਰੀਵੈਂਸ਼ਨ (ਈ.ਡੀ.ਪੀ.) ਲਾਗੂ ਕੀਤੀ ਗਈ ਹੈ ਅਤੇ ਪੰਜਾਬ ਪੁਲਸ ਵੱਲੋਂ ਇਸ ਰਣਨੀਤੀ ਦੇ ‘ਡੀ-ਐਡਿਕਸ਼ਨ’ ਹਿੱਸੇ ਵਜੋਂ ਨਸ਼ਾ ਛੁਡਾਊ ਤੇ ਮੁੜ ਵਸੇਬਾ ਇਲਾਜ ਕਰਵਾਉਣ ਲਈ ਪ੍ਰੇਰਿਆ ਜਾਂਦਾ ਹੈ।