ਨਵੀਂ ਦਿੱਲੀ : ਹਲਦੀਰਾਮ ਸਨੈਕਸ ਫੂਡ ਨੇ ਦੋ ਨਵੇਂ ਨਿਵੇਸ਼ਕ ਆਈ. ਐੱਚ. ਸੀ. (ਇੰਟਰਨੈਸ਼ਨਲ ਹੋਲਡਿੰਗ ਕੰਪਨੀ) ਤੇ ਅਲਫਾ ਵੇਵ ਗਲੋਬਲ ਨੂੰ ਆਪਣੀ ਹਿੱਸੇਦਾਰੀ ਵੇਚਣ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਬਿਆਨ ’ਚ ਸੌਦੇ ਦੇ ਵੇਰਵੇ ਦਾ ਖੁਲਾਸਾ ਨਹੀਂ ਕੀਤਾ ਗਿਆ।
ਇਹ ਐਲਾਨ ਹਲਦੀਰਾਮ ਵੱਲੋਂ ਸਿੰਗਾਪੁਰ ਸਥਿਤ ਗਲੋਬਲ ਨਿਵੇਸ਼ ਫਰਮ ਟੇਮਾਸੇਕ ਦੁਆਰਾ ਘੱਟ ਗਿਣਤੀ ਹਿੱਸੇਦਾਰੀ ਪ੍ਰਾਪਤ ਕਰਨ ਦੀ ਪੁਸ਼ਟੀ ਕਰਨ ਤੋਂ ਇਕ ਦਿਨ ਬਾਅਦ ਆਇਆ ਹੈ। ਇਸ ਸੌਦੇ ਦੇ ਵੇਰਵਿਆਂ ਦਾ ਵੀ ਖੁਲਾਸਾ ਨਹੀਂ ਕੀਤਾ ਗਿਆ ਹੈ। ਇਹ ਰਣਨੀਤਕ ਕਦਮ ਹਲਦੀਰਾਮ ਦੀ ਵਿੱਤੀ ਸਥਿਤੀ ਨੂੰ ਹੋਰ ਮਜ਼ਬੂਤ ਕਰਦਾ ਹੈ ਕਿਉਂਕਿ ਇਹ ਵਿਸ਼ਵ ਪੱਧਰ ’ਤੇ, ਖਾਸ ਕਰਕੇ ਅਮਰੀਕਾ ਅਤੇ ਪੱਛਮੀ ਏਸ਼ੀਆ ’ਚ, ਆਪਣੀਆਂ ਵਿਸਥਾਰ ਯੋਜਨਾਵਾਂ ਨੂੰ ਤੇਜ਼ ਕਰਦਾ ਹੈ।
ਬਿਆਨ ਮੁਤਾਬਕ, “ਇਹ ਨਿਵੇਸ਼ ਅਲਫ਼ਾ ਵੇਵ ਗਲੋਬਲ ਅਤੇ ਆਈ. ਐੱਚ. ਸੀ. ਵੱਲੋਂ ਕੀਤਾ ਗਿਆ ਹੈ। "ਇਹ ਆਈ. ਐੱਚ. ਸੀ. ਦੀ ਮਜ਼ਬੂਤ ਖਪਤਕਾਰ ਬ੍ਰਾਂਡਾਂ ਵਾਲੀ ਇਕ ਮੋਹਰੀ ਕੰਪਨੀ ਦਾ ਸਮਰਥਨ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।" ਉਦਯੋਗ ਸੂਤਰਾਂ ਮੁਤਾਬਕ, ਆਈ. ਐੱਚ. ਸੀ. ਅਤੇ ਅਲਫ਼ਾ ਵੇਵ ਸਮੂਹਿਕ ਤੌਰ ’ਤੇ ਲੱਗ-ਭਗ 85,000 ਕਰੋੜ ਰੁਪਏ ਦੇ ਮੁੱਲ ’ਤੇ ਹਲਦੀਰਾਮ ਸਨੈਕਸ ਫੂਡਜ਼ ਵਿਚ ਲਗਭਗ 6 ਫੀਸਦੀ ਹਿੱਸੇਦਾਰੀ ਪ੍ਰਾਪਤ ਕਰ ਰਹੇ ਹਨ।
ਅਲਫ਼ਾ ਵੇਵ ਇਕ ਗਲੋਬਲ ਨਿਵੇਸ਼ ਫਰਮ ਹੈ ਜੋ ਤਿੰਨ ਮੁੱਖ ਖੇਤਰਾਂ - ਪ੍ਰਾਈਵੇਟ ਇਕੁਇਟੀ, ਪ੍ਰਾਈਵੇਟ ਕਰਜ਼ ਅਤੇ ਜਨਤਕ ਬਾਜ਼ਾਰਾਂ ’ਤੇ ਕੇਂਦ੍ਰਿਤ ਹੈ, ਜਦੋਂ ਕਿ ਆਈ. ਐੱਚ. ਸੀ. ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ’ਚ ਸਥਿਤ ਹੈ। ਇਹ ਦੁਨੀਆ ਦੀਆਂ ਸਭ ਤੋਂ ਵੱਡੀਆਂ ਨਿਵੇਸ਼ ਕੰਪਨੀਆਂ ’ਚੋਂ ਇਕ ਹੈ।