ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ 50 ਰੁਪਏ ਦੇ ਨਵੇਂ ਨੋਟ ਨੂੰ ਲੈ ਕੇ ਇਕ ਅਹਿਮ ਐਲਾਨ ਕੀਤਾ ਹੈ, ਜਿਸ ਨਾਲ ਇਸ ਨੋਟ ਨੂੰ ਲੈ ਕੇ ਲੋਕਾਂ 'ਚ ਹਲਚਲ ਮਚ ਗਈ ਹੈ। 50 ਰੁਪਏ ਦੇ ਨਵੇਂ ਨੋਟ 'ਤੇ ਗਵਰਨਰ ਸੰਜੇ ਮਲਹੋਤਰਾ ਦੇ ਦਸਤਖਤ ਹੋਣਗੇ ਅਤੇ ਜਲਦੀ ਹੀ ਇਸ ਨੂੰ ਸਰਕੂਲੇਸ਼ਨ 'ਚ ਲਿਆਂਦਾ ਜਾਵੇਗਾ। RBI ਨੇ ਇਹ ਵੀ ਸਪੱਸ਼ਟ ਕੀਤਾ ਕਿ ਪਹਿਲਾਂ ਜਾਰੀ ਕੀਤੇ ਗਏ ਸਾਰੇ 50 ਰੁਪਏ ਦੇ ਨੋਟ ਵੈਧ ਰਹਿਣਗੇ, ਯਾਨੀ ਪੁਰਾਣੇ ਨੋਟ ਚਲਨ ਤੋਂ ਬਾਹਰ ਨਹੀਂ ਜਾਣਗੇ।
ਇਸ ਦੇ ਨਾਲ ਹੀ, ਇਹ ਨਵਾਂ ਨੋਟ ਮਹਾਤਮਾ ਗਾਂਧੀ (ਨਵੀਂ) ਸੀਰੀਜ਼ ਦੇ ਡਿਜ਼ਾਈਨ ਨਾਲ ਮੇਲ ਖਾਂਦਾ ਹੋਵੇਗਾ, ਜੋ ਪਹਿਲਾਂ ਹੀ ਜਾਰੀ ਕੀਤੇ 50 ਰੁਪਏ ਦੇ ਨੋਟਾਂ ਦੇ ਸਮਾਨ ਹੋਵੇਗਾ। ਨਵੇਂ ਨੋਟਾਂ ਦੀ ਸ਼ਕਲ ਅਤੇ ਡਿਜ਼ਾਈਨ ਵੀ ਪਹਿਲਾਂ ਵਾਂਗ ਹੀ ਹੋਵੇਗਾ, ਜਿਸ ਵਿੱਚ ਫਲੋਰੋਸੈਂਟ ਨੀਲਾ ਰੰਗ ਅਤੇ ਹੰਪੀ ਦੇ ਰੱਥ ਦੀ ਤਸਵੀਰ ਸ਼ਾਮਲ ਹੋਵੇਗੀ, ਜੋ ਭਾਰਤੀ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੀ ਹੈ।
ਕੀ ਹੈ ਨਵੇਂ ਨੋਟ ਦੀ ਖਾਸੀਅਤ?
ਇਸ ਨੋਟ ਦੇ ਪਿਛਲੇ ਪਾਸੇ ਹੰਪੀ ਦੇ ਰੱਥ ਦੀ ਤਸਵੀਰ ਹੈ, ਜੋ ਭਾਰਤੀ ਸੱਭਿਆਚਾਰ ਦੀ ਅਮੀਰੀ ਅਤੇ ਇਤਿਹਾਸ ਨੂੰ ਦਰਸਾਉਂਦੀ ਹੈ। ਮਹਾਤਮਾ ਗਾਂਧੀ (ਨਵੀਂ) ਸੀਰੀਜ਼ 'ਚ ਜਾਰੀ ਕੀਤੇ ਜਾਣ ਵਾਲੇ ਇਸ ਨੋਟ 'ਚ ਕੁਝ ਨਵੇਂ ਸੁਰੱਖਿਆ ਫੀਚਰ ਵੀ ਹੋਣਗੇ, ਜੋ ਇਸ ਨੂੰ ਹੋਰ ਸੁਰੱਖਿਅਤ ਬਣਾਉਣਗੇ।
ਪੁਰਾਣੇ ਨੋਟ ਵੀ ਰਹਿਣਗੇ ਵੈਧ - RBI ਨੇ ਇਹ ਵੀ ਕਿਹਾ ਕਿ ਪਹਿਲਾਂ ਜਾਰੀ ਕੀਤੇ ਗਏ 50 ਰੁਪਏ ਦੇ ਪੁਰਾਣੇ ਨੋਟ ਵੈਧ ਕਰੰਸੀ ਹੀ ਰਹਿਣਗੇ ਅਤੇ ਨਵੇਂ ਨੋਟਾਂ 'ਤੇ ਇਨ੍ਹਾਂ ਦਾ ਕੋਈ ਅਸਰ ਨਹੀਂ ਹੋਵੇਗਾ।
2000 ਰੁਪਏ ਦੇ ਨੋਟਾਂ ਦੀ ਵਾਪਸੀ 'ਤੇ ਅਪਡੇਟ - ਹਾਲ ਹੀ ਵਿੱਚ 2000 ਰੁਪਏ ਦੇ ਨੋਟਾਂ ਨੂੰ ਲੈ ਕੇ ਇੱਕ ਮਹੱਤਵਪੂਰਨ ਅਪਡੇਟ ਵੀ ਆਇਆ ਹੈ। ਰਿਜ਼ਰਵ ਬੈਂਕ ਨੇ ਕਿਹਾ ਕਿ 31 ਜਨਵਰੀ 2025 ਤੱਕ 2,000 ਰੁਪਏ ਦੇ 98.15% ਨੋਟ ਬੈਂਕਿੰਗ ਪ੍ਰਣਾਲੀ ਵਿੱਚ ਵਾਪਸ ਆ ਚੁੱਕੇ ਹਨ ਅਤੇ ਲੋਕਾਂ ਕੋਲ ਅਜੇ ਵੀ ਕੁਝ ਪੁਰਾਣੇ ਨੋਟ ਹਨ।
ਨਵੇਂ ਨੋਟ ਜਾਰੀ ਕਰਨ ਤੋਂ ਪਹਿਲਾਂ, ਇਹ ਇੱਕ ਮਹੱਤਵਪੂਰਨ ਸਮਾਂ ਹੈ ਜਦੋਂ ਜਨਤਾ ਨੂੰ ਪੁਰਾਣੇ ਅਤੇ ਨਵੇਂ ਨੋਟਾਂ ਵਿੱਚ ਅੰਤਰ ਨੂੰ ਸਮਝਣ ਅਤੇ ਉਨ੍ਹਾਂ ਦੀ ਸਹੀ ਵਰਤੋਂ ਕਰਨ ਦੀ ਲੋੜ ਹੈ।