ਧਾਰ : ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਕਿਹਾ ਕਿ ਆਉਣ ਵਾਲੇ ਦੋ ਸਾਲਾਂ ’ਚ ਮੱਧ ਪ੍ਰਦੇਸ਼ ’ਚ ਰਾਸ਼ਟਰੀ ਰਾਜਮਾਰਗ ਦਾ ਨੈੱਟਵਰਕ ਅਮਰੀਕਾ ਨਾਲੋਂ ਵੀ ਵਧੀਆ ਬਣ ਜਾਵੇਗਾ ਅਤੇ ਇਕ ਸਾਲ ਦੇ ਅੰਦਰ ਸੂਬੇ ’ਚ ਤਿੰਨ ਲੱਖ ਕਰੋੜ ਰੁਪਏ ਦੇ ਬੁਨਿਆਦੀ ਢਾਂਚਾ ਵਿਕਾਸ ਦੇ ਕੰਮ ਪੂਰੇ ਕਰ ਲਏ ਜਾਣਗੇ। ਧਾਰ ਜ਼ਿਲੇ ’ਚ ਮੁੱਖ ਮੰਤਰੀ ਮੋਹਨ ਯਾਦਵ ਦੀ ਹਾਜ਼ਰੀ ’ਚ 5,800 ਕਰੋੜ ਰੁਪਏ ਦੀ ਲਾਗਤ ਵਾਲੇ 10 ਰਾਸ਼ਟਰੀ ਰਾਜਮਾਰਗ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ-ਪੱਥਰ ਰੱਖਣ ਤੋਂ ਬਾਅਦ ਗਡਕਰੀ ਨੇ ਇਹ ਗੱਲ ਕਹੀ।
ਕੇਂਦਰੀ ਮੰਤਰੀ ਨੇ ਜਾਨ ਐੱਫ. ਕੈਨੇਡੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਕਿਹਾ ਸੀ ਕਿ ਅਮਰੀਕੀ ਸੜਕਾਂ ਇਸ ਲਈ ਵਧੀਆ ਨਹੀਂ ਹਨ ਕਿਉਂਕਿ ਅਮਰੀਕਾ ਅਮੀਰ ਹੈ, ਸਗੋਂ ਅਮਰੀਕਾ ਅਮੀਰ ਹੈ ਕਿਉਂਕਿ ਅਮਰੀਕੀ ਸੜਕਾਂ ਵਧੀਆ ਹਨ। ਗਡਕਰੀ ਨੇ ਕਿਹਾ ਕਿ ਉਹ ਹਵਾ ’ਚ ਗੱਲਾਂ ਨਹੀਂ ਕਰਦੇ ਅਤੇ ਜੋ ਵੀ ਵਾਅਦਾ ਕਰਦੇ ਹਨ, ਉਸ ਨੂੰ ਡੰਕੇ ਦੀ ਚੋਟ ਨਾਲ ਪੂਰਾ ਵੀ ਕਰਦੇ ਹਨ।