ਅੰਮ੍ਰਿਤਸਰ: Indian Army ਦੇ ਮੁਖੀ ਜਨਰਲ ਸ੍ਰੀ Upendra Dwivedi ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ।ਇਸ ਸਮੇਂ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਸੁਨੀਤਾ ਦਿਵੇਦੀ,ਪਰਿਵਾਰਕ ਮੈਂਬਰ ਅਤੇ ਮੇਜ਼ਰ ਜਨਰਲ ਸ੍ਰੀ ਕਾਰਤਿਕ ਸੀ ਸ਼ਦਰੀ ਵੀ ਮੌਜੂਦ ਸਨ। ਜਨਰਲ ਸ੍ਰੀ Upendra Dwivedi ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਮੌਕੇ ਸੂਚਨਾ ਅਧਿਕਾਰੀ ਸ. ਰਣਧੀਰ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਰਯਾਦਾ, ਸਿੱਖ ਪ੍ਰੰਪਰਾਵਾਂ ਅਤੇ ਇਥੇ ਸਥਿਤ ਅਸਥਾਨਾਂ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਕੁਝ ਸਮੇਂ ਲਈ ਗੁਰਬਾਣੀ ਕੀਰਤਨ ਸਰਵਣ ਕੀਤਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਾ ਕੇ ਵੀ ਸ਼ਰਧਾ ਪ੍ਰਗਟਾਈ।
ਇਸ ਦੌਰਾਨ ਫ਼ੌਜ ਮੁਖੀ ਨੂੰ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਤੇ ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ, ਲੋਈ ਅਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ। ਫ਼ੌਜ ਮੁਖੀ ਜਨਰਲ ਸ੍ਰੀ ਉਪੇਂਦਰ ਦਿਵੇਦੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਮੌਕੇ ਆਪਣੀਆਂ ਭਾਵਨਾਵਾਂ ਨੂੰ ਯਾਤਰੂ ਕਿਤਾਬ ਵਿਚ ਦਰਜ਼ ਕਰਦਿਆਂ ਲਿਖਿਆ, ਕਿ “ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਦੀਵੀ ਵਿਸ਼ਵਾਸ ਅਤੇ ਵਿਲੱਖਣ ਸ਼ਾਂਤੀ ਦਾ ਪ੍ਰਤੀਕ ਹੈ ਅਤੇ ਇਥੋਂ ਦੀ ਨਿਰਸਵਾਰਥ ਸੇਵਾ ਸਾਰਿਆਂ ਲਈ ਪ੍ਰੇਰਣਾਦਾਇਕ ਹੈ।” ਸੂਚਨਾ ਕੇਂਦਰ ਵਿਖੇ ਫ਼ੌਜ ਮੁਖੀ ਦੇ ਸਨਮਾਨ ਮੌਕੇ ਹੋਰਨਾਂ ਤੋਂ ਇਲਾਵਾ ਪੁਲਿਸ ਅਧਿਕਾਰੀ ਸ. ਹਰਪਾਲ ਸਿੰਘ ਰੰਧਾਵਾ, ਸੂਚਨਾ ਅਧਿਕਾਰੀ ਸ. ਜਤਿੰਦਰਪਾਲ ਸਿੰਘ, ਸ. ਸਤਨਾਮ ਸਿੰਘ ਅਤੇ ਹੋਰ ਮੌਜੂਦ ਸਨ।