ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੰਸਦ ਮੈਂਬਰ ਅਪਰਾਜਿਤਾ ਸਾਰੰਗੀ ਨੇ ਸ਼ੁੱਕਰਵਾਰ ਨੂੰ ਕਾਂਗਰਸ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਨੂੰ ਇਕ ਬੈਗ ਤੋਹਫੇ ਵਿਚ ਦਿੱਤਾ, ਜਿਸ 'ਤੇ ਲਾਲ ਰੰਗ ਵਿਚ '1984' ਲਿਖਿਆ ਹੋਇਆ ਹੈ। ਸਾਰੰਗੀ ਨੇ ਪ੍ਰਿਅੰਕਾ ਨੂੰ ਇਹ ਬੈਗ ਅਜਿਹੇ ਸਮੇਂ 'ਚ ਦਿੱਤਾ ਹੈ, ਜਦੋਂ ਕੁਝ ਦਿਨ ਪਹਿਲਾਂ ਕਾਂਗਰਸੀ ਸੰਸਦ ਮੈਂਬਰ ਫਲਸਤੀਨ ਅਤੇ ਬੰਗਲਾਦੇਸ਼ 'ਤੇ ਲਿਖੇ ਸੰਦੇਸ਼ ਵਾਲਾ ਬੈਗ ਲੈ ਕੇ ਸੰਸਦ ਭਵਨ ਪਹੁੰਚੇ ਸਨ।
ਭੁਵਨੇਸ਼ਵਰ ਤੋਂ ਭਾਜਪਾ ਸੰਸਦ ਮੈਂਬਰ ਸਾਰੰਗੀ ਨੇ ਸੰਸਦ ਦੇ ਗਲਿਆਰੇ 'ਚ ਪ੍ਰਿਅੰਕਾ ਗਾਂਧੀ ਨੂੰ ਇਹ ਬੈਗ ਦਿੱਤਾ। ਸਾਰੰਗੀ ਨੇ ਇਹ ਬੈਗ ਉਸ ਸਮੇਂ ਕਾਂਗਰਸੀ ਆਗੂ ਨੂੰ ਸੌਂਪਿਆ ਜਦੋਂ ਉਹ ਸੰਸਦ ਦੇ ਗਲਿਆਰੇ ਵਿੱਚੋਂ ਲੰਘ ਰਹੀ ਸੀ। ਪ੍ਰਿਅੰਕਾ ਨੇ ਸਾਰੰਗੀ ਤੋਂ ਬੈਗ ਲਿਆ ਅਤੇ ਅੱਗੇ ਵਧ ਗਈ। ਭਾਜਪਾ ਆਗੂ ਨੇ ਕਿਹਾ ਕਿ ਬੈਗ 'ਤੇ ''1984'' ਲਿਖਿਆ ਹੋਇਆ ਸੀ। ਉਸ ਨੇ ਕਿਹਾ ਕਿ ਇਹ ਵੀ ਇੱਕ ਮੁੱਦਾ ਹੈ ਜੋ ਕਾਂਗਰਸੀ ਆਗੂ ਨੂੰ ਉਠਾਉਣਾ ਚਾਹੀਦਾ ਹੈ ਕਿਉਂਕਿ ਉਹ ਆਪਣੇ ਬੈਗ 'ਤੇ ਬਿਆਨ ਦੇ ਰਹੀ ਹੈ। ਫਲਸਤੀਨੀ ਲੋਕਾਂ ਦਾ ਸਮਰਥਨ ਕਰਦੇ ਹੋਏ, ਵਾਇਨਾਡ ਦੇ ਸੰਸਦ ਮੈਂਬਰ ਸੋਮਵਾਰ ਨੂੰ ਇੱਕ ਬੈਗ ਲੈ ਕੇ ਸੰਸਦ ਪਹੁੰਚੇ, ਜਿਸ 'ਤੇ "ਫਲਸਤੀਨ" ਲਿਖਿਆ ਹੋਇਆ ਸੀ। ਕਾਂਗਰਸੀ ਸੰਸਦ ਮੈਂਬਰ ਨੂੰ ਮੰਗਲਵਾਰ ਨੂੰ ਸੰਸਦ ਵਿਚ ਇਕ ਕਰੀਮ ਰੰਗ ਦਾ ਹੈਂਡਬੈਗ ਲੈ ਕੇ ਦੇਖਿਆ ਗਿਆ, ਜਿਸ 'ਤੇ ਲਿਖਿਆ ਹੋਇਆ ਸੀ "ਬੰਗਲਾਦੇਸ਼ ਦੇ ਹਿੰਦੂਆਂ ਅਤੇ ਈਸਾਈਆਂ ਨਾਲ ਖੜੇ ਹੋਵੋ"।