ਤਰਨਤਾਰਨ/ਪੱਟੀ : ਪੰਜਾਬ 'ਚ ਕੜਾਕੇ ਦੀ ਗਰਮੀ ਦਰਮਿਆਨ ਥੋੜ੍ਹੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੇ ਕਈ ਇਲਾਕਿਆਂ 'ਚ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਦੱਸ ਦੇਈਏ ਕਿ ਅੱਜ ਪੰਜਾਬ ਦੇ ਤਰਨਤਾਰਨ ਪੱਟੀ 'ਚ ਗੜ੍ਹੇਮਾਰੀ ਹੋਣ ਕਾਰਨ ਮੌਸਮ ਇਕ ਵਾਰ ਫਿਰ ਠੰਡਾ ਹੋ ਗਿਆ ਹੈ। ਇਸ ਦੌਰਾਨ ਕਈ ਜ਼ਿਲ੍ਹਿਆਂ 'ਚ ਠੰਡੀਆਂ ਹਵਾਵਾਂ ਵੀ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਇਸ ਵਿਚਾਲੇ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ ਸਾਹਮਣੇ ਆਈ ਹੈ। ਮੌਸਮ ਵਿਭਾਗ ਵੱਲੋਂ ਅਗਲੇ 2 ਦਿਨ 19 ਤੇ 20 ਅਪ੍ਰੈਲ ਮੀਂਹ ਪੈ ਸਕਦਾ ਹੈ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲੇਗੀ ਤੇ ਤਾਪਮਾਨ ਵਿਚ 2 ਤੋਂ 4 ਡਿਗਰੀ ਤਕ ਗਿਰਾਵਟ ਵੀ ਆ ਸਕਦੀ ਹੈ।
ਦੱਸ ਦੇਈਏ ਕਿ 13 ਜ਼ਿਲ੍ਹਿਆਂ 'ਚ ਅੱਜ ਮੀਂਹ ਅਤੇ ਤੂਫ਼ਾਨ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ 8 ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਰੂਪਨਗਰ, ਐਸਏਐਸ ਨਗਰ, ਫਤਿਹਗੜ੍ਹ ਅਤੇ ਨਵਾਂ ਸ਼ਹਿਰ ਵਿੱਚ ਮੀਂਹ ਅਤੇ ਤੂਫ਼ਾਨ ਲਈ ਸੰਤਰੀ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ 5 ਜ਼ਿਲ੍ਹਿਆਂ ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਵਿੱਚ ਮੀਂਹ ਅਤੇ ਤੂਫ਼ਾਨ ਨੂੰ ਲੈ ਕੇ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਸਮੇਂ ਦੌਰਾਨ, ਪੰਜਾਬ ਵਿੱਚ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।