ਅੰਮ੍ਰਿਤਸਰ : ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਤੇ ਹਲਕਾ ਖਡੂਰ ਸਾਹਿਬ ਤੋਂ ਐੱਮ.ਪੀ. ਅੰਮ੍ਰਿਤਪਾਲ ਸਿੰਘ ਡਿੱਬਰੂਗੜ੍ਹ ਜੇਲ੍ਹ ਤੋਂ ਹੁਣ ਪੰਜਾਬ ਆ ਰਿਹਾ ਹੈ। ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਲੈ ਕੇ ਆਉਣ ਲਈ ਪੰਜਾਬ ਪੁਲਸ ਅਸਾਮ ਲਈ ਰਵਾਨਾ ਹੋ ਚੁੱਕੀ ਹੈ। ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਲੈ ਕੇ ਆਉਣ ਤੋਂ ਬਾਅਦ ਜਲਦੀ ਹੀ ਅਜਨਾਲਾ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਜਿੱਥੋਂ ਉਸ ਦਾ ਰਿਮਾਂਡ ਲੈ ਕੇ ਅਜਨਾਲਾ ਥਾਣੇ "ਤੇ ਹੋਏ ਹਮਲੇ ਦੇ ਮਾਮਲੇ ਵਿਚ ਪੁੱਛਗਿੱਛ ਕੀਤੀ ਜਾਵੇਗੀ। ਸੂਤਰਾਂ ਮੁਤਾਬਕ ਅੰਮ੍ਰਿਤਪਾਲ 'ਤੇ ਲੱਗੇ ਐੱਨ. ਐੱਸ. ਏ. ਹੁਣ ਨਹੀਂ ਵਧਾਇਆ ਜਾਵੇਗਾ। ਇਸ ਐੱਨ. ਐੱਸ. ਏ. ਦੀ ਮਿਆਦ 22 ਅਪ੍ਰੈਲ ਨੂੰ ਖ਼ਤਮ ਹੋ ਰਹੀ ਹੈ ਅਤੇ ਇਸ ਵਿਚ ਮੁੜ ਵਾਧਾ ਨਹੀਂ ਕੀਤਾ ਜਾਵੇਗਾ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ ਨੂੰ ਅਸਾਮ ਦੀ ਡਿੱਬਰਗੜ੍ਹ ਜੇਲ੍ਹ ਤੋਂ ਪੰਜਾਬ ਲਿਆਂਦਾ ਜਾ ਚੁੱਕਾ ਹੈ।
ਪਪਲਪ੍ਰੀਤ ਸਿੰਘ ਤਿੰਨ ਦਿਨਾਂ ਦੇ ਰਿਮਾਂਡ 'ਤੇ
ਅੰਮ੍ਰਿਤਪਾਲ ਸਿੰਘ ਦੇ ਖਾਸਮ ਖਾਸ ਸਾਥੀ ਪਪਲਪ੍ਰੀਤ ਸਿੰਘ ਨੂੰ ਭਾਰੀ ਸੁਰੱਖਿਆ ਪੁਲਸ ਬਲ ਨਾਲ ਵੀਰਵਾਰ ਨੂੰ ਅਜਨਾਲਾ ਕੋਰਟ ਵਿਚ ਪੇਸ਼ ਕੀਤਾ ਗਿਆ ਸੀ। ਜਿੱਥੇ ਮਾਣਯੋਗ ਅਦਾਲਤ ਨੇ ਪਪਲਪ੍ਰੀਤ ਸਿੰਘ ਨੂੰ 3 ਦਿਨ ਦੇ ਰਿਮਾਂਡ 'ਤੇ ਭੇਜਣ ਦੇ ਹੁਕਮ ਦਿੱਤੇ। ਦੱਸ ਦਈਏ ਕਿ ਥਾਣਾ ਅਜਨਾਲਾ 2023 ਫਰਵਰੀ ’ਚ ਕੀਤੇ ਗਏ ਹਮਲੇ ਸੰਬੰਧੀ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।