ਸਮਾਣਾ : ਸ਼ਹਿਰ ਦੀ ਤਹਿਸੀਲ ਵਿਚ ਬੁੱਧਵਾਰ ਨੂੰ ਰਜਿਸਟਰੀਆਂ ਆਦਿ ਨਾ ਹੋਣ ਕਾਰਨ ਸ਼ਹਿਰ ਅਤੇ ਆਸਪਾਸ ਦੇ ਪਿੰਡ ਅਤੇ ਹਰਿਆਣਾ, ਦਿੱਲੀ, ਹਿਮਾਚਲ ਤੋਂ ਆਏ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪੂਰਾ ਦਿਨ ਹੀ ਤਹਿਸੀਲ ਦਾ ਕੰਮਕਾਜ ਠੱਪ ਰਿਹਾ, ਜਿਸ ਨਾਲ ਖੂਬ ਖੱਜਲ ਖੁਆਰ ਹੋਏ। ਮਿਲੀ ਜਾਣਕਾਰੀ ਅਨੁਸਾਰ ਤਹਿਸੀਲ ’ਚ ਬਣੀ ਬਿਲਡਿੰਗ ਸਰਕਾਰ ਵੱਲੋਂ ਅਸੁਰੱਖਿਅਤ ਐਲਾਨ ਕੀਤੇ ਜਾਣ ਤੋਂ ਬਾਅਦ ਇਸ ਨੂੰ ਨਵੀਂ ਬਿਲਡਿੰਗ ਬਣਾਉਣ ਲਈ ਹੁਕਮ ਜਾਰੀ ਕੀਤੇ ਗਏ ਹਨ, ਜਿਸ ਨੂੰ ਲੈ ਕੇ ਇੱਥੇ ਜ਼ਰੂਰੀ ਕਾਗਜ਼ਾਤ ਫਾਈਲਾਂ ਅਤੇ ਹੋਰ ਸਾਮਾਨ ਸ਼ਿਫਟ ਕੀਤਾ ਜਾ ਰਿਹਾ ਹੈ, ਜਿਸ ਕਾਰਨ ਤਹਿਸੀਲ ’ਚ ਰਜਿਸਟਰੀਆਂ ਅਤੇ ਹੋਰ ਜ਼ਰੂਰੀ ਕੰਮਕਾਜ ਨਹੀਂ ਹੋ ਸਕੇ, ਇਸ ਕਾਰਨ ਲੋਕ ਪੈਸੇ ਆਦਿ ਲੈ ਕੇ ਇੱਧਰ-ਉਧਰ ਭਟਕਦੇ ਨਜ਼ਰ ਆਏ। ਪੈਸੇ ਨਾਲ ਹੋਣ ਨਾਲ ਉਨ੍ਹਾਂ ਨੂੰ ਆਪਣੀ ਜਾਨ-ਮਾਲ ਦਾ ਡਰ ਵੀ ਸਤਾਉਂਦਾ ਰਿਹਾ।
ਤਹਿਸੀਲ ਸਟਾਫ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਬਿਲਡਿੰਗ ਨੂੰ ਅਸੁਰੱਖਿਅਤ ਐਲਾਨ ਕੀਤੇ ਜਾਣ ਤੋਂ ਬਾਅਦ ਇਥੋਂ ਸਾਮਾਨ ਸ਼ਿਫਟ ਕੀਤਾ ਜਾ ਰਿਹਾ ਹੈ। ਜ਼ਰੂਰੀ ਕਾਗਜ਼ ਅਤੇ ਫਾਈਲਾਂ ਸ਼ਿਫਟ ਕਰਨ ਕਾਰਨ ਸਾਰਾ ਸਟਾਫ ਵਿਅਸਤ ਹੈ, ਜਦਕਿ ਸਮਾਨ ਨੂੰ ਸ਼ਿਫਟ ਕਰਨ ਅਤੇ ਲੋਕਾਂ ਦੀਆਂ ਰਜਿਸਟਰੀਆਂ ਨਾ ਕੀਤੇ ਜਾਣ ਸਬੰਧੀ ਤਹਿਸੀਲ ਦੇ ਬਾਹਰ ਪਹਿਲਾਂ ਕੋਈ ਵੀ ਪਬਲਿਕ ਨੋਟਿਸ ਨਹੀਂ ਚਿਪਕਾਏ ਗਏ ਅਤੇ ਨਾ ਹੀ ਇਸ ਸਬੰਧੀ ਕੋਈ ਵੀ ਅਖਬਾਰ ਜਾਂ ਪਬਲਿਕ ਨੂੰ ਇਸ ਦੀ ਜਾਣਕਾਰੀ ਨਾ ਦਿੱਤੇ ਜਾਣ ਕਾਰਨ ਦਿੱਲੀ ਤੋਂ ਵੀ ਕੁਝ ਲੋਕ ਰਜਿਸਟਰੀਆਂ ਕਰਵਾਉਣ ਤਹਿਸੀਲ ’ਚ ਪਹੁੰਚੇ ਅਤੇ ਉਨ੍ਹਾਂ ਨਾਲ ਬਜ਼ੁਰਗ ਵੀ ਆਏ ਹੋਏ ਸਨ ਪਰ ਕਿਸੇ ਦੀ ਵੀ ਰਜਿਸਟਰੀ ਨਹੀਂ ਕੀਤੀ ਗਈ। ਅੱਜ ਕਈ ਲੋਕਾਂ ਦੇ ਕੀਤੇ ਬਿਆਨੇ ਅਤੇ ਰਜਿਸਟਰੀਆਂ ਕਰਵਾਉਣ ਦੀ ਅੱਜ ਆਖਰੀ ਤਰੀਕ ਸੀ। ਰਜਿਸਟਰੀ ਆਦਿ ਨਾ ਹੋਣ ਨਾਲ ਲੋਕ ਆਪਸ ’ਚ ਉਲਝਦੇ ਨਜ਼ਰ ਆਏ।
ਇਸ ਸਬੰਧੀ ਨਾਇਬ-ਤਹਿਸੀਲਦਾਰ ਅਰਮਾਨਦੀਪ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਬਿਲਡਿੰਗ ਨੂੰ ਸ਼ਿਫਟ ਕੀਤੇ ਜਾਣ ਕਾਰਨ ਦਿੱਕਤ ਆ ਰਹੀ ਹੈ। ਉਨ੍ਹਾਂ ਨੂੰ ਸਰਕਾਰ ਤੋਂ ਦਫ਼ਤਰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਅੱਜ ਕਾਫੀ ਫਾਈਲਾਂ ਸ਼ਿਫਟ ਕਰ ਦਿੱਤੀਆਂ ਗਈਆਂ ਹਨ, ਹੁਣ ਰਜਿਸਟਰੀਆਂ ਕੀਤੀਆਂ ਜਾਣਗੀਆਂ ਜੇਕਰ ਲੋਕਾਂ ਨੂੰ ਇਸ ਸੰਬੰਧੀ ਕੋਈ ਦਿੱਕਤ ਜਾਂ ਗੁੰਮਰਾਹ ਕਰਦਾ ਹੈ ਤਾਂ ਉਨ੍ਹਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ।