ਡੀ. ਸੀ. ਜਤਿੰਦਰ ਜੋਰਵਾਲ ਨੇ ਸੂਬੇ ਦੇ ਸਿਹਤ ਸਕੱਤਰ ਨੂੰ ਪੱਤਰ ਲਿਖ ਕੇ ਸਿਵਲ ਸਰਜਨ ਦੇ ਵੱਖ-ਵੱਖ ਪ੍ਰੋਗਰਾਮਾਂ ’ਚ ਲਾਪ੍ਰਵਾਹੀ ਵਾਲੀ ਭੂਮਿਕਾ ਦੇ ਮੱਦੇਨਜ਼ਰ ਵਿਭਾਗੀ ਜਾਂਚ ਕਰਨ ਉਪਰੰਤ ਜ਼ਿਲ੍ਹੇ ’ਚ ਕਿਸੇ ਦੂਜੇ ਵਿਅਕਤੀ ਨੂੰ ਸਿਵਲ ਸਰਜਨ ਦੇ ਅਹੁਦੇ ’ਤੇ ਤਾਇਨਾਤ ਕਰਨ ਦੀ ਮੰਗ ਕੀਤੀ ਹੈ। ਆਪਣੇ ਪੱਤਰ ’ਚ ਡੀ. ਸੀ. ਜੋਰਵਾਰ ਨੇ ਲਿਖਿਆ ਹੈ ਕਿ 12 ਨਵੰਬਰ ਨੂੰ ਉਪ ਰਾਸ਼ਟਰਪਤੀ ਦਾ ਬੀਤੇ ਕੱਲ ਲੁਧਿਆਣਾ ਦਾ ਦੌਰਾ ਸੀ। ਇਸ ਦੌਰਾਨ ਉਨ੍ਹਾਂ ਨੇ ਉਪ ਰਾਸ਼ਟਰਪਤੀ ਭਾਰਤ ਦੀ ਸੁਰੱਖਿਆ ਦੇ ਮੱਦੇਨਜ਼ਰ ਉਨ੍ਹਾਂ ਦੇ ਦਫਤਰ ਦੇ ਅਧਿਕਾਰੀਆਂ ਵੱਲੋਂ ਇਕ ਪ੍ਰੋਫਾਰਮਾ ਉਨ੍ਹਾਂ ਨੂੰ ਭੇਜਿਆ ਗਿਆ, ਜਿਸ ਵਿਚ ਸਿਵਲ ਸਰਜਨ ਨਾਲ ਸਬੰਧਤ ਪ੍ਰੋਫਾਰਮਾ ਵੀ ਸ਼ਾਮਲ ਸੀ।
ਇਸ ਵਿਚ ਸੁਰੱਖਿਆ ਦੇ ਮੱਦੇਨਜ਼ਰ ਮੈਡੀਕਲ ਟੀਮ, ਫੂਡ ਟੈਸਟਿੰਗ ਟੀਮ, ਰੈਫਰਲ ਹਸਪਤਾਲ ਦੀ ਸੂਚਨਾ ਭਰ ਕੇ ਭੇਜਣ ਲਈ ਕਿਹਾ ਗਿਆ ਸੀ ਪਰ ਸਿਵਲ ਸਰਜਨ ਲੁਧਿਆਣਾ ਨੂੰ ਵਾਰ-ਵਾਰ ਲਿਖਣ ਤੇ ਵ੍ਹਟਸਐਪ ’ਤੇ ਮੈਸੇਜ ਭੇਜਣ ਅਤੇ ਫੋਨ ਕਰਨ ਦੇ ਬਾਵਜੂਦ ਵੀ ਉਨ੍ਹਾਂ ਵੱਲੋਂ ਇਹ ਪ੍ਰੋਫਾਰਮਾ ਭਰ ਕੇ ਨਹੀਂ ਭੇਜਿਆ ਗਿਆ, ਜਿਸ ਕਾਰਨ ਮਾਣਯੋਗ ਉਪ ਰਾਸ਼ਟਰਪਤੀ ਦੇ ਦੌਰੇ ਦੌਰਾਨ ਪ੍ਰੋਟੋਕਾਲ ਡਿਊਟੀ ’ਚ ਬਹੁਤ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ।
ਹਾਲ ਹੀ ਵਿਚ ਸੂਬੇ ’ਚ ਪੰਚਾਂ-ਸਰਪੰਚਾਂ ਦੀ ਚੋਣ ਸੰਪੰਨ ਹੋਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਸਰਪੰਚਾਂ ਨੂੰ ਸਹੁੰ ਚੁਕਾਉਣ ਲਈ ਲੁਧਿਆਣਾ ’ਚ ਇਕ ਸੂਬਾ ਪੱਧਰੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ, ਜਿਸ ਵਿਚ ਮੁੱਖ ਤੌਰ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਕੈਬਨਿਟ ਮੰਤਰੀ ਆਦਿ ਸ਼ਾਮਲ ਹੋਏ। ਪ੍ਰੋਗਰਾਮ ’ਚ ਲਗਭਗ 1 ਲੱਖ ਦੇ ਲਗਭਗ ਲੋਕ ਇਕੱਠੇ ਹੋਏ ਸਨ।
ਉਨ੍ਹਾਂ ਕਿਹਾ ਕਿ ਅਧਿਕਾਰਕ ਪ੍ਰੋਟੋਕਾਲ ਅਨੁਸਾਰ ਸੁਰੱਖਿਆ ਦੇ ਮੱਦੇਨਜ਼ਰ ਵੀ. ਆਈ. ਪੀਜ਼ ਨੂੰ ਖਾਣ-ਪੀਣ ਦਾ ਸਾਮਾਨ ਅਤੇ ਆਮ ਲੋਕਾਂ ਲਈ ਤਿਆਰ ਕੀਤੇ ਗਏ ਖਾਧ ਪਦਾਰਥਾਂ ਨੂੰ ਪਰੋਸਣ ਤੋਂ ਪਹਿਲਾਂ ਉਨ੍ਹਾਂ ਦੇ ਫੂਡ ਸੈਂਪਲ ਲਏ ਜਾਂਦੇ ਹਨ ਪਰ ਸਿਵਲ ਸਰਜਨ ਨੂੰ ਪੱਤਰ ਲਿਖਣ ਅਤੇ ਇਸ ਪ੍ਰੋਗਰਾਮ ਨੂੰ ਸੰਚਾਰੂ ਰੂਪ ’ਚ ਸੰਪੰਨ ਕਰਨ ਲਈ ਕੀਤੀਅਾਂ ਗਈਅਾਂ ਮੀਟਿੰਗਾਂ ’ਚ ਨਿਰਦੇਸ਼ ਦੇਣ ਦੇ ਬਾਵਜੂਦ ਵੀ ਫੂਡ ਟੈਸਟਿੰਗ ਟੀਮ 8 ਨਵੰਬਰ ਨੂੰ ਪ੍ਰੋਗਰਾਮ ਦੌਰਾਨ ਪਿੰਡ ਧਨਾਨਸੂ ’ਚ ਨਜ਼ਰ ਨਹੀਂ ਆਈ, ਜਿਸ ਕਰਨ ਵੀ. ਆਈ. ਪੀਜ਼ ਅਤੇ ਆਮ ਲੋਕਾਂ ਨੂੰ ਖਾਣ-ਪੀਣ ਦੀਆਂ ਵਸਤੂਆਂ ਪਰੋਸਣ ’ਚ ਦੇਰੀ ਹੋ ਗਈ, ਜੋ ਸਿਵਲ ਸਰਜਨ ਦੇ ਪੱਧਰ ’ਤੇ ਇਕ ਘੋਰ ਲਾਪ੍ਰਵਾਹੀ ਹੈ।
ਆਪਣੀ ਸ਼ਿਕਾਇਤ ਵਿਚ ਡੀ. ਸੀ. ਨੇ ਤੀਜੇ ਮਾਮਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜ਼ਿਲੇ ’ਚ ਭਾਰਤੀ ਫੌਜ ਦੀ ਭਰਤੀ ਪ੍ਰਕਿਰਿਆ ਦੌਰਾਨ ਹਜ਼ਾਰਾਂ ਦੀ ਗਿਣਤੀ ’ਚ ਨੌਜਵਾਨਾਂ ਵੱਲੋਂ ਫੌਜ ’ਚ ਭਰਤੀ ਹੋਣ ਲਈ ਹਿੱਸਾ ਲਿਆ ਜਾ ਰਿਹਾ ਸੀ। ਇਸ ਸਬੰਧੀ ਉੱਚ ਅਧਿਕਾਰੀਆਂ ਵੱਲੋਂ ਸਿਵਲ ਸਰਜਨ ਦਫਤਰ ਨੂੰ ਮੈਡੀਕਲ ਟੀਮਾਂ ਭੇਜਣ ਅਤੇ ਮੌਕੇ ’ਤੇ ਉਮੀਦਵਾਰਾਂ ਦਾ ਡੋਪ ਟੈਸਟ ਕਰਨ ਦੇ ਪ੍ਰਬੰਧ ਕਰਨ ਲਈ ਲਿਖਿਆ ਗਿਆ ਸੀ ਪਰ ਸਿਵਲ ਸਰਜਨ ਲੁਧਿਆਣਾ ਵੱਲੋਂ ਮੌਕੇ ’ਤੇ ਮੈਡੀਕਲ ਟੀਮਾਂ ਨਹੀਂ ਭੇਜੀਆਂ ਗਈਆਂ।
ਡੀ. ਸੀ. ਜਤਿੰਦਰ ਜੋਰਵਾਲ ਨੇ ਕਿਹਾ ਕਿ ਸਿਵਲ ਸਰਜਨ ਵੱਲੋਂ ਆਪਣੀ ਡਿਊਟੀ ਪ੍ਰਤੀ ਲਾਪ੍ਰਵਾਹੀ ਕੀਤੀ ਗਈ ਹੈ ਅਤੇ ਸਰਕਾਰੀ ਕੰਮ ਨੂੰ ਗੰਭੀਰਤਾ ਨਾਲ ਨਹੀਂ ਕੀਤਾ ਗਿਆ ਅਤੇ ਨਾ ਹੀ ਹੁਣ ਗੰਭੀਰਤਾ ਨਾਲ ਕੀਤਾ ਜਾ ਰਿਹਾ ਹੈ। ਇਸ ਲਈ ਤੁਹਾਨੂੰ ਬੇਨਤੀ ਹੈ ਕਿ ਸਿਵਲ ਸਰਜਨ ਦੇ ਖਿਲਾਫ ਸਰਵਿਸ ਨਿਯਮਾਂ ਤਹਿਤ ਵਿਭਾਗੀ ਜਾਂਚ ਕੀਤੀ ਜਾਵੇ ਅਤੇ ਇਸ ਮਹੱਤਵਪੂਰਨ ਅਹੁਦੇ ’ਤੇ ਕਿਸੇ ਯੋਗ ਅਧਿਕਾਰੀ ਨੂੰ ਤੁਰੰਤ ਨਿਯੁਕਤ ਕਰਨ ਦੇ ਨਿਰਦੇਸ਼ ਜਾਰੀ ਕੀਤੇ ਜਾਣ।
ਇਕ ਹਫਤੇ ’ਚ ਮੰਗਿਆ ਜਵਾਬ
ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸਿਵਲ ਸਰਜਨ ਨੂੰ 28 ਨਵੰਬਰ ਨੂੰ ਲੈ ਕੇ ਪੱਤਰ ’ਚ ਡੀ. ਸੀ. ਦੇ ਪੱਤਰ ਦਾ ਹਵਾਲਾ ਦਿੰਦੇ ਹੋਏ ਡਿਊਟੀ ਪ੍ਰਤੀ ਲਾਪ੍ਰਵਾਹੀ ਵਰਤਣ ਅਤੇ ਸਰਕਾਰੀ ਕੰਮ ਨੂੰ ਗੰਭੀਰਤਾ ਨਾਲ ਨਾ ਕਰਨ ਸਬੰਧੀ ਦੋਸ਼ਾਂ ਦਾ ਹਵਾਲਾ ਦਿੰਦੇ ਹੋਏ ਇਕ ਹਫਤੇ ਅੰਦਰ ਆਪਣਾ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ।
ਕੀ ਕਹਿੰਦੇ ਹਨ ਸਿਵਲ ਸਰਜਨ
ਸਿਵਲ ਸਰਜਨ ਡਾ. ਪ੍ਰਦੀਪ ਕੁਮਾਰ ਮਹਿੰਦਰਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਿਲਸਿਲੇ ’ਚ ਕੋਈ ਵੀ ਪੱਤਰ ਪ੍ਰਾਪਤ ਨਹੀਂ ਹੋਇਆ ਅਤੇ ਨਾ ਹੀ ਉਨ੍ਹਾਂ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ। ਜੇਕਰ ਉਨ੍ਹਾਂ ਨੂੰ ਕੋਈ ਅਜਿਹੀ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਹ ਆਪਣਾ ਸਪੱਸ਼ਟੀਕਰਨ ਜ਼ਰੂਰ ਦੇਣਗੇ। ਜਦੋਂ ਉਨ੍ਹਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਸਿਹਤ ਵਿਭਾਗ ਵੱਲੋਂ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ, ਜਿਸ ਦਾ ਸਮਾਂ ਵੀ ਨਿਕਲ ਚੁੱਕਾ ਹੈ ਤਾਂ ਉਨ੍ਹਾਂ ਕਿਹਾ ਕਿ ਸਪੱਸ਼ਟੀਕਰਨ ਤਾਂ ਮੈਂ ਤਾਂ ਦੇਵਾਂਗਾ, ਜਦੋਂ ਮੈਨੂੰ ਕੋਈ ਸ਼ਿਕਾਇਤ ਦੀ ਕਾਪੀ ਮਿਲਗੀ।