ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੇ ਸੋਮਵਾਰ ਨੂੰ ਕਾਂਗਰਸ (ਅਮਰੀਕੀ ਸੰਸਦ) ਨੂੰ ਸੂਚਿਤ ਕੀਤਾ ਕਿ ਉਸ ਨੇ 'ਐੱਮ.ਐੱਚ.-60ਆਰ ਮਲਟੀ-ਮਿਸ਼ਨ ਹੈਲੀਕਾਪਟਰ ਉਪਕਰਣ' ਅਤੇ ਇਸ ਨਾਲ ਸਬੰਧਤ ਰੱਖਿਆ ਉਪਕਰਨਾਂ ਦੀ ਵਿਕਰੀ ਨੂੰ ਮਨਜ਼ੂਰੀ ਦੇਣ ਦਾ ਫੈਸਲਾ ਕੀਤਾ ਹੈ, ਜਿਸ ਦੀ ਅੰਦਾਜ਼ਨ ਕੀਮਤ 1.17 ਅਰਬ ਅਮਰੀਕੀ ਡਾਲਰ ਹੈ। ਰੱਖਿਆ ਸੁਰੱਖਿਆ ਸਹਿਯੋਗ ਏਜੰਸੀ ਨੇ ਕਾਂਗਰਸ ਨੂੰ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਉਪਕਰਨਾਂ ਦੀ ਵਿਕਰੀ ਪ੍ਰਸਤਾਵਿਤ ਯੋਜਨਾ, ਭਾਰਤ ਦੀਆਂ ਐਂਟੀ-ਪਣਡੁੱਬੀ ਯੁੱਧ ਸਮਰੱਥਾਵਾਂ ਨੂੰ ਅਪਗ੍ਰੇਡ ਕਰਕੇ ਮੌਜੂਦਾ ਅਤੇ ਭਵਿੱਖ ਦੇ ਖਤਰਿਆਂ ਨੂੰ ਰੋਕਣ ਦੀ ਸਮਰੱਥਾ ਵਿੱਚ ਸੁਧਾਰ ਕਰੇਗੀ।
ਬਾਈਡੇਨ ਪ੍ਰਸ਼ਾਸਨ ਨੇ ਭਾਰਤ ਨੂੰ ਮੁੱਖ ਰੱਖਿਆ ਉਪਕਰਨਾਂ ਦੀ ਵਿਕਰੀ ਦੀ ਮਨਜ਼ੂਰੀ 4 ਸਾਲ ਦੇ ਕਾਰਜਕਾਲ ਦੇ ਪੂਰਾ ਹੋਣ ਤੋਂ ਕੁੱਝ ਹਫ਼ਤੇ ਪਹਿਲਾਂ ਦਿੱਤੀ ਹੈ। 5 ਨਵੰਬਰ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ਜਿੱਤਣ ਤੋਂ ਬਾਅਦ ਡੋਨਾਲਡ ਟਰੰਪ 20 ਜਨਵਰੀ 2025 ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਨੋਟੀਫਿਕੇਸ਼ਨ ਦੇ ਅਨੁਸਾਰ, ਭਾਰਤ ਨੇ 30 'ਮਲਟੀਫੰਕਸ਼ਨਲ ਇਨਫਰਮੇਸ਼ਨ ਡਿਸਟ੍ਰੀਬਿਊਸ਼ਨ ਸਿਸਟਮ-ਜੁਆਇੰਟ ਟੈਕਟੀਕਲ ਰੇਡੀਓ ਸਿਸਟਮ' (MIDS-JTRS) ਖਰੀਦਣ ਦਾ ਪ੍ਰਸਤਾਵ ਰੱਖਿਆ ਹੈ। ਇਸ ਵਿਕਰੀ 'ਚ ਮੁੱਖ ਤੌਰ 'ਤੇ ਕੰਟਰੈਕਟ 'ਲਾਕਹੀਡ ਮਾਰਟਿਨ ਰੋਟਰੀ ਐਂਡ ਮਿਸ਼ਨ ਸਿਸਟਮਜ਼' ਨਾਲ ਹੋਵੇਗਾ। ਇਸ ਵਿਚ ਕਿਹਾ ਗਿਆ ਹੈ ਕਿ ਇਸ ਨੂੰ ਲਾਗੂ ਕਰਨ ਲਈ ਤਕਨੀਕੀ ਸਹਾਇਤਾ ਅਤੇ ਪ੍ਰਬੰਧਨ ਨਿਗਰਾਨੀ ਲਈ ਅਸਥਾਈ ਆਧਾਰ 'ਤੇ ਅਮਰੀਕੀ ਸਰਕਾਰ ਦੀ 20 ਜਾਂ ਕੰਟਰੈਕਟ ਵਿਚ ਸ਼ਾਮਲ ਕੰਪਨੀਆਂ ਦੇ 25 ਨੁਮਾਇੰਦਿਆਂ ਨੂੰ ਭਾਰਤ ਦੇ ਦੌਰੇ ਦੀ ਲੋੜ ਹੋਵੇਗੀ।