ਨਵੀਂ ਦਿੱਲੀ : ਵਿਦੇਸ਼ ਮੰਤਰਾਲਾ (ਐੱਮ.ਈ.ਏ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਤੋਂ ਸ਼ੁਰੂ ਹੋ ਰਹੀ 2 ਦਿਨਾ ਕੁਵੈਤ ਯਾਤਰਾ ਨਾਲ ਦੋ-ਪੱਖੀ ਸੰਬੰਧਾਂ 'ਚ ਇਕ ਨਵਾਂ ਅਧਿਆਏ ਸ਼ੁਰੂ ਕਰਨ 'ਚ ਮਦਦ ਮਿਲੇਗੀ। ਮੰਤਰਾਲਾ ਨੇ ਕਿਹਾ ਕਿ ਇਸ ਯਾਤਰਾ ਨਾਲ ਭਾਰਤ-ਕੁਵੈਤ ਸੰਬੰਧਾਂ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਨੇ ਕਿਹਾ ਕਿ ਭਾਰਤ ਰੱਖਿਆ ਅਤੇ ਵਪਾਰ ਸਮੇਤ ਕਈ ਖੇਤਰਾਂ 'ਚ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਉਤਸੁਕ ਹੈ। ਮੰਤਰਾਲਾ ਨੇ ਕਿਹਾ ਕਿ ਮੋਦੀ ਕੁਵੈਤ ਦੇ ਅਮੀਰ ਸ਼ੇਖ ਮੇਸ਼ਾਲ ਅਲ-ਅਹਿਮਦ ਅਲ-ਜਬਰ ਅਲ-ਸਬਾ ਦੇ ਸੱਦੇ 'ਤੇ ਇਸ ਯਾਤਰਾ 'ਤੇ ਜਾਣਗੇ। ਯਾਤਰਾ ਦੌਰਾਨ ਮੋਦੀ ਕੁਵੈਤ ਦੇ ਨੇਤਾਵਾਂ ਨਾਲ ਚਰਚਾ ਕਰਨਗੇ ਅਤੇ ਉੱਥੇ ਰਹਿਣ ਵਾਲੇ ਭਾਰਤੀ ਭਾਈਚਾਰੇ ਨਾਲ ਵੀ ਗੱਲਬਾਤ ਕਰਨਗੇ।
ਇਸ ਤੋਂ ਪਹਿਲੇ, ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 1981 'ਚ ਕੁਵੈਤ ਦਾ ਦੌਰਾ ਕੀਤਾ ਸੀ। ਭਾਰਤ, ਕੁਵੈਤ ਦੇ ਸੀਨੀਅਰ ਵਪਾਰਕ ਭਾਈਵਾਲਾਂ 'ਚੋਂ ਇਕ ਹੈ ਅਤੇ ਭਾਰਤੀ ਭਾਈਚਾਰਾ ਕੁਵੈਤ 'ਚ ਸਭ ਤੋਂ ਵੱਡਾ ਪ੍ਰਵਾਸੀ ਭਾਈਚਾਰਾ ਹੈ। ਕੁਵੈਤ, ਭਾਰਤ ਦੇ ਸੀਨੀਅਰ ਵਾਪਰਕ ਭਾਈਵਾਲਾਂ 'ਚੋਂ ਇਕ ਹੈ, ਜਿਸ ਦਾ ਦੋ-ਪੱਖੀ ਵਪਾਰ ਵਿੱਤੀ ਸਾਲ 2023-24 'ਚ 10.47 ਅਰਬ ਅਮਰੀਕੀ ਡਾਲਰ ਰਿਹਾ। ਕੁਵੈਤ, ਭਾਰਤ ਦਾ 6ਵਾਂ ਸਭ ਤੋਂ ਵੱਡਾ ਕੱਚੇ ਤੇਲ ਦਾ ਸਪਲਾਈਕਰਤਾ ਹੈ, ਜੋ ਦੇਸ਼ ਦੀ ਊਰਜਾ ਜ਼ਰੂਰਤਾਂ ਨੂੰ ਤਿੰਨ ਫ਼ੀਸਦੀ ਤੱਕ ਪੂਰਾ ਕਰਦਾ ਹੈ। ਅਮੀਰ ਸ਼ੇਖ ਸਬਾਹ ਅਲ ਅਹਿਮਦ ਅਲ ਜਾਬਰ ਅਲ ਸਬਾਹ ਜੁਲਾਈ 2017 'ਚ ਨਿੱਜੀ ਯਾਤਰਾ 'ਤੇ ਭਾਰਤ ਆਏ ਸਨ। ਇਸ ਤੋਂ ਪਹਿਲੇ 2013 'ਚ ਕੁਵੈਤ ਦੇ ਪ੍ਰਧਾਨ ਮੰਤਰੀ ਨੇ ਭਾਰਤ ਦੇ ਉੱਚ ਪੱਧਰੀ ਯਾਤਰਾ ਕੀਤੀ ਸੀ।