ਜੈਪੁਰ : ਜੈਪੁਰ ਵਿਚ ਸ਼ੁੱਕਰਵਾਰ ਨੂੰ ਤੜਕਸਾਰ ਇਕ ਵੱਡਾ ਹਾਦਸਾ ਵਾਪਰਿਆ, ਜਿਸ ਵਿਚ 7 ਲੋਕ ਜ਼ਿੰਦਾ ਸੜ ਗਏ। ਜੈਪੁਰ-ਅਜਮੇਰ ਕੌਮੀ ਹਾਈਵੇਅ 'ਤੇ ਇਕ ਭਿਆਨਕ ਹਾਦਸੇ 'ਚ CNG ਟਰੱਕ ਦੀ ਟੱਕਰ ਕਾਰਨ ਧਮਾਕਾ ਹੋ ਗਿਆ, ਜਿਸ ਵਿਚ ਬੱਸ ਸਮੇਤ ਕਈ ਵਾਹਨ ਅੱਗ ਦੀ ਲਪੇਟ ਵਿਚ ਆ ਗਏ। ਧਮਾਕਾ ਹੁੰਦੇ ਹੀ 200 ਮੀਟਰ ਦੇ ਏਰੀਏ ਵਿਚ ਅੱਗ ਹੀ ਅੱਗ ਫੈਲ ਗਈ। ਲੋਕਾਂ ਦੀ ਸਮਝ ਵਿਚ ਨਹੀਂ ਆਇਆ ਕਿ ਇਹ ਹੋਇਆ ਕੀ ਹੈ? ਹਾਦਸੇ ਦੀ ਲਪੇਟ ਵਿਚ 40 ਤੋਂ ਵੱਧ ਗੱਡੀਆਂ ਆ ਗਈਆਂ। ਹੁਣ ਤੱਕ 7 ਲੋਕਾਂ ਦੀ ਜ਼ਿੰਦਾ ਸੜ ਕੇ ਮੌਤ ਹੋ ਗਈ।
ਸਵਾਈ ਮਾਨਸਿੰਘ (ਐੱਸ.ਐੱਮ.ਐੱਸ.) ਹਸਪਤਾਲ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ 7 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਅੱਗ 'ਚ ਝੁਲਸੇ 35 ਦੇ ਕਰੀਬ ਲੋਕ ਹਸਪਤਾਲ 'ਚ ਦਾਖਲ ਹਨ, ਜਿਨ੍ਹਾਂ 'ਚੋਂ ਕੁਝ ਵੈਂਟੀਲੇਟਰ 'ਤੇ ਹਨ। ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀਆਂ 20 ਤੋਂ ਵੱਧ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।
ਪੁਲਸ ਮੁਤਾਬਕ ਇਹ ਹਾਦਸਾ ਅਜਮੇਰ ਰੋਡ 'ਤੇ ਭਾਂਕਰੋਟਾ ਇਲਾਕੇ ਨੇੜੇ ਜੈਪੁਰ-ਅਜਮੇਰ ਕੌਮੀ ਹਾਈਵੇਅ 'ਤੇ ਵਾਪਰਿਆ। ਇੱਥੇ CNG ਨਾਲ ਭਰੇ ਇਕ ਗੈਸ ਟੈਂਕਰ ਵਿਚ ਅਚਾਨਕ ਧਮਾਕਾ ਹੋ ਗਿਆ ਅਤੇ ਅੱਗ ਲੱਗ ਗਈ। ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝ ਪਾਉਂਦਾ ਅੱਗ ਨੇ ਟੈਂਕਰ ਦੇ ਆਲੇ-ਦੁਆਲੇ ਖੜ੍ਹੀਆਂ ਗੱਡੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਜਿੱਥੇ ਇਹ ਹਾਦਸਾ ਵਾਪਰਿਆ ਉਸ ਦੇ ਬਿਲਕੁਲ ਨੇੜੇ ਹੀ ਇੱਕ ਪੈਟਰੋਲ ਪੰਪ ਸੀ। ਖੁਸ਼ਕਿਸਮਤੀ ਰਹੀ ਕਿ ਅੱਗ ਉੱਥੇ ਨਹੀਂ ਪਹੁੰਚੀ।
ਚਸ਼ਮਦੀਦਾਂ ਨੇ ਦੱਸਿਆ ਕਿ ਅੱਗ ਦੀਆਂ ਲਪਟਾਂ ਦੂਰ-ਦੂਰ ਤੱਕ ਦਿਖਾਈ ਦੇ ਰਹੀਆਂ ਸਨ ਅਤੇ ਕੌਮੀ ਹਾਈਵੇਅ ਦਾ ਇੱਕ ਵੱਡਾ ਹਿੱਸਾ "ਅੱਗ ਦੇ ਗੋਲੇ" ਵਿਚ ਬਦਲ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਮੁਤਾਬਕ ਘੱਟੋ-ਘੱਟ 30 ਵਾਹਨ ਸੜ ਗਏ। ਮੈਡੀਕਲ ਵਿਭਾਗ ਦੇ ਬੁਲਾਰੇ ਅਨੁਸਾਰ 11.30 ਤੱਕ 7 ਲੋਕਾਂ ਦੀ ਮੌਤ ਹੋਣ ਦੀ ਸੂਚਨਾ ਹੈ।
ਹਾਦਸੇ ਦੀ ਸੂਚਨਾ ਮਿਲਣ 'ਤੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਵੀ ਹਸਪਤਾਲ ਪਹੁੰਚੇ ਅਤੇ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਪੋਸਟ ਕਰਦੇ ਹੋਏ ਕਿਹਾ ਕਿ ਜੈਪੁਰ-ਅਜਮੇਰ ਕੌਮੀ ਹਾਈਵੇਅ 'ਤੇ ਗੈਸ ਟੈਂਕਰ ਨੂੰ ਅੱਗ ਲੱਗਣ ਦੀ ਘਟਨਾ 'ਚ ਨਾਗਰਿਕਾਂ ਦੇ ਮਾਰੇ ਜਾਣ ਦੀ ਦੁਖਦਾਈ ਖਬਰ ਸੁਣ ਕੇ ਮੈਂ ਬਹੁਤ ਦੁਖੀ ਹਾਂ।