ਨਵੀਂ ਦਿੱਲੀ : ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਖ਼ਿਲਾਫ਼ ਐੱਫਆਈਆਰ ਦਰਜ ਕਰਨ ਲਈ ਸ਼ੁੱਕਰਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਸੱਤਾ ਪੱਖ 'ਚ ਕਿਸ ਤਰ੍ਹਾਂ ਦੀ ਨਿਰਾਸ਼ਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਦੇ ਲੋਕ ਬਾਬਾ ਸਾਹਿਬ ਭੀਮਰਾਵ ਅੰਬੇਡਕਰ ਦਾ ਅਪਮਾਨ ਸਹਿਨ ਨਹੀਂ ਕਰਨਗੇ। ਦਿੱਲੀ ਪੁਲਸ ਨੇ ਸੰਸਦ ਕੰਪਲੈਕਸ 'ਚ ਹੋਈ 'ਧੱਕਾ-ਮੁੱਕੀ' ਦੇ ਸਿਲਸਿਲੇ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ਖ਼ਿਲਾਫ਼ ਵੀਰਵਾਰ ਨੂੰ ਐੱਫ.ਆਈ.ਆਰ. ਦਰਜ ਕੀਤੀ। ਇਸ ਤੋਂ ਪਹਿਲੇ ਦਿਨ 'ਚ ਭਾਜਪਾ ਨੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਖ਼ਿਲਾਫ਼ ਪੁਲਸ ਨੂੰ ਇਕ ਸ਼ਿਕਾਇਤ ਦੇ ਕੇ ਉਨ੍ਹਾਂ 'ਤੇ ਸੰਸਦ ਕੰਪਲੈਕਸ 'ਚ 'ਧੱਕਾ-ਮੁੱਕੀ' ਦੌਰਾਨ 'ਸਰੀਰਕ ਹਮਲਾ ਅਤੇ ਉਕਸਾਵੇ' 'ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ।
ਰਾਹੁਲ ਗਾਂਧੀ ਖ਼ਿਲਾਫ਼ ਐੱਫ.ਆਈ.ਆਰ. ਬਾਰੇ ਪੁੱਛੇ ਜਾਣ 'ਤੇ ਪ੍ਰਿਯੰਕਾ ਗਾਂਧੀ ਨੇ ਪੱਤਰਕਾਰਾਂ ਨੂੰ ਕਿਹਾ,''ਅੱਜ ਪੂਰਾ ਦੇਸ਼ ਦੇਖ ਰਿਹਾ ਹੈ ਕਿ ਭਾਜਪਾ ਦੇ ਲੋਕਾਂ ਨੇ ਰਾਹੁਲ ਗਾਂਧੀ ਜੀ 'ਤੇ ਕਈ ਮਾਮਲੇ ਦਰਜ ਕਰਵਾ ਰੱਖੇ ਹਨ। ਉਹ ਹਰ ਰੋਜ਼ ਨਵੀਆਂ ਐੱਫਆਈਆਰ ਦਰਜ ਕਰਵਾਉਂਦੇ ਹਨ ਅਤੇ ਝੂਠ ਬੋਲਦੇ ਹਨ। ਇਹ ਉਨ੍ਹਾਂ ਦੀ ਨਿਰਾਸ਼ਾ ਦਾ ਪੱਧਰ ਦਰਸਾਉਂਦਾ ਹੈ।'' ਪ੍ਰਿਯੰਕਾ ਗਾਂਧੀ ਨੇ ਦੋਸ਼ ਲਗਾਇਆ,''ਇਹ ਸਰਕਾਰ 'ਅਡਾਨੀ' 'ਤੇ ਚਰਚਾ ਤੋਂ ਡਰਦੀ ਹੈ, ਕਿਸੇ ਵੀ ਚਰਚਾ ਤੋਂ ਡਰਦੀ ਹੈ। ਹੁਣ ਉਨ੍ਹਾਂ ਨੇ ਜੋ ਕੁਝ ਕੀਤਾ ਹੈ, ਉਨ੍ਹਾਂ ਦੇ ਮਨ 'ਚ ਅੰਬੇਡਕਰ ਜੀ ਦੇ ਪ੍ਰਤੀ ਜੋ ਅਸਲੀ ਭਾਵਨਾ ਸੀ, ਉਹ ਸਾਹਮਣੇ ਆ ਗਈ।'' ਉਨ੍ਹਾਂ ਕਿਹਾ,''ਹੁਣ ਉਹ ਵਿਰੋਧੀ ਧਿਰ ਤੋਂ ਡਰ ਰਹੇ ਹਨ, ਕਿਉਂਕਿ ਹੁਣ ਇਸ ਮੁੱਦੇ ਨੂੰ ਚੁੱਕ ਰਹੇ ਹਾਂ।'' ਕਾਂਗਰਸ ਜਨਰਲ ਸਕੱਤਰ ਨੇ ਕਿਹਾ ਕਿ ਦੇਸ਼ ਦਾ ਸੰਵਿਧਾਨ ਬਾਬਾ ਸਾਹਿਬ ਅੰਬੇਡਕਰ, ਭਾਰਤ ਦੀ ਜਨਤਾ ਅਤੇ ਆਜ਼ਾਦੀ ਦੀ ਲੜਾਈ ਦੀ ਦੇਣ ਹੈ। ਪ੍ਰਿਯੰਕਾ ਗਾਂਧੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ,''ਬਾਬਾ ਸਾਹਿਬ ਦਾ ਅਪਮਾਨ ਹਿੰਦੁਸਤਾਨ ਬਰਦਾਸ਼ਤ ਨਹੀਂ ਕਰੇਗਾ।''