ਰੋਮ : ਪੋਪ ਫਰਾਂਸਿਸ ਨੇ ਬੁੱਧਵਾਰ ਨੂੰ ਬਾਲ ਮਜ਼ਦੂਰੀ ਅਤੇ ਬੱਚਿਆਂ ਨਾਲ ਦੁਰਵਿਵਹਾਰ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਜੋ ਕੋਈ ਵੀ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਉਨ੍ਹਾਂ ਦਾ ਸ਼ੋਸ਼ਣ ਕਰਦਾ ਹੈ, ਉਸ ਨੂੰ ਰੱਬ ਨੂੰ ਜਵਾਬ ਦੇਣਾ ਹੋਵੇਗਾ। ਫ੍ਰਾਂਸਿਸ ਨੇ ਸਾਲ 2025 ਲਈ ਆਪਣੇ ਪਹਿਲੇ ਕੈਟੇਚਿਜ਼ਮ ਵਿੱਚ ਬੱਚਿਆਂ ਦੀ ਦੁਰਦਸ਼ਾ ਬਾਰੇ ਗੱਲ ਕੀਤੀ।
ਆਪਣੀ ਹਫ਼ਤਾਵਾਰੀ ਪ੍ਰਾਰਥਨਾ ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਧਰਮ ਦੇ ਲੋਕ ਬਾਲ ਮਜ਼ਦੂਰੀ ਦੀ ਸਮੱਸਿਆ ਪ੍ਰਤੀ ਉਦਾਸੀਨ ਨਹੀਂ ਰਹਿ ਸਕਦੇ। ਉਨ੍ਹਾਂ ਕਿਹਾ ਕਿ ਬੱਚਿਆਂ ਦਾ ਰੱਬ ਦੇ ਦਿਲ ਵਿੱਚ ਇੱਕ ਵਿਸ਼ੇਸ਼ ਸਥਾਨ ਹੈ ਅਤੇ ਜੋ ਕੋਈ ਵੀ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ, ਉਹ ਰੱਬ ਨੂੰ ਜਵਾਬਦੇਹ ਹੋਵੇਗਾ। ਫਰਾਂਸਿਸ ਨੇ ਅਕਸਰ ਆਪਣੀ ਵਿਦੇਸ਼ ਯਾਤਰਾ ਦੌਰਾਨ ਬਾਲ ਮਜ਼ਦੂਰੀ ਦੀ ਨਿੰਦਾ ਕੀਤੀ ਹੈ। 2023 ਵਿੱਚ ਕਾਂਗੋ ਦੀ ਫੇਰੀ ਦੌਰਾਨ, ਉਨ੍ਹਾਂ ਨੇ ਨਿੰਦਾ ਕੀਤੀ ਕਿ ਕਿਵੇਂ ਵਿਦੇਸ਼ੀ ਸ਼ਕਤੀਆਂ ਅਤੇ ਮਾਈਨਿੰਗ ਹਿੱਸੇਦਾਰ ਕਾਂਗੋ ਦੇ ਕੀਮਤੀ ਕੁਦਰਤੀ ਸਰੋਤਾਂ ਨੂੰ ਕੱਢਣ ਲਈ ਬੱਚਿਆਂ ਦੀ ਵਰਤੋਂ ਕਰ ਰਹੇ ਹਨ। ਪੋਪ ਨੇ ਕਿਹਾ ਕਿ ਉਹ 'ਆਪਣੇ ਲਾਲਚ' ਲਈ ਮਹਾਂਦੀਪ ਨੂੰ ਲੁੱਟ ਰਹੇ ਹਨ।