ਕਾਬੁਲ : ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਸਰਹੱਦੀ ਬਲਾਂ ਵਿਚਾਲੇ ਝੜਪਾਂ ਵਿਚ 19 ਪਾਕਿਸਤਾਨੀ ਫੌਜੀ ਅਤੇ 3 ਅਫਗਾਨ ਨਾਗਰਿਕ ਮਾਰੇ ਗਏ ਹਨ। ਸਥਾਨਕ ਮੀਡੀਆ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਟੋਲੋਨਿਊਜ਼ ਨੇ ਰਾਸ਼ਟਰੀ ਰੱਖਿਆ ਮੰਤਰਾਲਾ ਦੇ ਹਵਾਲੇ ਨਾਲ ਕਿਹਾ ਕਿ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪੂਰਬੀ ਅਫਗਾਨਿਸਤਾਨ ਦੇ ਖੋਸਤ ਅਤੇ ਪਕਤੀਆ ਸੂਬਿਆਂ 'ਚ ਭਿਆਨਕ ਸੰਘਰਸ਼ ਜਾਰੀ ਹੈ।
ਉਨ੍ਹਾਂ ਕਿਹਾ ਕਿ ਅਫਗਾਨ ਸਰਹੱਦੀ ਬਲਾਂ ਨੇ ਖੋਸਤ ਸੂਬੇ ਦੇ ਅਲੀ ਸ਼ਿਰ ਜ਼ਿਲ੍ਹੇ 'ਚ ਕਈ ਪਾਕਿਸਤਾਨੀ ਫੌਜੀ ਚੌਕੀਆਂ ਨੂੰ ਅੱਗ ਲਗਾ ਦਿੱਤੀ ਹੈ ਅਤੇ ਪਕਤੀਆ ਸੂਬੇ ਦੇ ਡੰਡ-ਏ-ਪਾਟਨ ਜ਼ਿਲ੍ਹੇ 'ਚ 2 ਪਾਕਿਸਤਾਨੀ ਚੌਕੀਆਂ 'ਤੇ ਕਬਜ਼ਾ ਕਰ ਲਿਆ ਹੈ। ਸੂਤਰਾਂ ਨੇ ਦੱਸਿਆ ਕਿ ਡੰਡ-ਏ-ਪਾਟਨ ਜ਼ਿਲ੍ਹੇ 'ਚ ਪਾਕਿਸਤਾਨੀ ਸੈਨਿਕਾਂ ਵੱਲੋਂ ਦਾਗੇ ਗਏ ਗੋਲਿਆਂ 'ਚ 3 ਅਫਗਾਨ ਨਾਗਰਿਕ ਮਾਰੇ ਗਏ। ਜ਼ਿਕਰਯੋਗ ਹੈ ਕਿ ਇਹ ਝੜਪਾਂ ਮੰਗਲਵਾਰ ਰਾਤ ਪਕਤਿਕਾ ਸੂਬੇ 'ਚ ਪਾਕਿਸਤਾਨੀ ਫੌਜਾਂ ਵਲੋਂ ਕੀਤੇ ਗਏ ਹਵਾਈ ਹਮਲਿਆਂ ਤੋਂ ਬਾਅਦ ਹੋਈਆਂ, ਜਿਸ 'ਚ ਔਰਤਾਂ ਅਤੇ ਬੱਚਿਆਂ ਸਮੇਤ 51 ਲੋਕ ਮਾਰੇ ਗਏ।