ਅੰਮ੍ਰਿਤਸਰ : ਸਿਵਲ ਸਰਜਨ ਦਫ਼ਤਰ ’ਤੇ ਪੰਜਾਬੀ ਦੀ ਮਸ਼ਹੂਰ ਕਹਾਵਤ ‘ਦੀਵੇ ਥੱਲੇ ਹਨੇਰਾ’ ਬਿਲਕੁੱਲ ਫਿੱਟ ਬੈਠਦੀ ਹੈ। ਸਿਵਲ ਸਰਜਨ ਦਫਤਰ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਸਮੇਂ ਦੇ ਪਾਬੰਦ ਅਤੇ ਡਿਊਟੀ ਸਮੇਂ ਦੌਰਾਨ ਸੀਟ ’ਤੇ ਹਾਜ਼ਰ ਰਹਿਣ ਦੇ ਦਿਸ਼ਾਂ ਨਿਰਦੇਸ਼ ਸਮੇਂ-ਸਮੇਂ ’ਤੇ ਜਾਰੀ ਕੀਤੇ ਜਾਂਦੇ ਹਨ ਪਰ ਅਫਸੋਸ ਦੀ ਗੱਲ ਹੈ ਕਿ ਸਿਵਲ ਸਰਜਨ ਦਫਤਰ ਦੇ ਵਧੇਰੇ ਮੁਲਾਜ਼ਮ ਅਤੇ ਅਧਿਕਾਰੀ ਡਿਊਟੀ ਸਮੇਂ ਦੌਰਾਨ ਆਪਣੇ ਘਰੇਲੂ ਅਤੇ ਪ੍ਰਾਈਵੇਟ ਕੰਮਕਾਜ ਕਰਦੇ ਹਨ।
ਦਫਤਰ ਵਿਚ ਹਾਜ਼ਰੀ ਲਗਾਉਣ ਉਪਰੰਤ ਉਕਤ ਮੁਲਾਜ਼ਮ ਅਤੇ ਅਧਿਕਾਰੀ ਸੀਟ ਤੋਂ ਉੱਠ ਕੇ ਰੋਜ਼ਾਨਾ ਹੀ ਦਫਤਰ ਤੋਂ ਬਾਹਰ ਜਾ ਰਹੇ ਹਨ। ਇੱਥੇ ਹੀ ਬੱਸ ਨਹੀਂ ਕਈ ਮੁਲਾਜ਼ਮ ਤਾਂ ਅਜਿਹੇ ਹਨ ਜੋ ਛੁੱਟੀ ਹੋਣ ਤੋਂ ਪਹਿਲਾਂ ਹੀ ਆਪਣੇ ਦਫਤਰਾਂ ਨੂੰ ਤਾਲੇ ਲਗਾ ਕੇ ਘਰਾਂ ਨੂੰ ਚਲੇ ਜਾਂਦੇ ਹਨ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਡਿਊਟੀ ਦੇ ਪਾਬੰਦ ਰਹਿਣ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਸਪੱਸ਼ਟ ਕੀਤਾ ਗਿਆ ਹੈ ਕਿ ਡਿਊਟੀ ਸਮੇਂ ਦੌਰਾਨ ਹਰ ਇਕ ਮੁਲਾਜ਼ਮ ਅਤੇ ਅਧਿਕਾਰੀ ਨਿਰਧਾਰਿਤ ਕੀਤੇ ਗਏ ਸਮੇਂ ਵਿਚ ਆਪਣੀ ਸੀਟ ’ਤੇ ਹਾਜ਼ਰ ਰਹੇ।
ਸਿਵਲ ਸਰਜਨ ਡਾ. ਕਿਰਨਦੀਪ ਕੌਰ ਵੱਲੋਂ ਵੀ ਸਰਕਾਰ ਦੀਆਂ ਹਦਾਇਤਾਂ ਤਹਿਤ ਸਮੇਂ-ਸਮੇਂ ’ਤੇ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿਚ ਸਥਿਤ ਸਰਕਾਰੀ ਹਸਪਤਾਲਾਂ ਅਤੇ ਦਫਤਰਾਂ ਵਿਚ ਚੈਕਿੰਗ ਵੀ ਕੀਤੀ ਜਾਂਦੀ ਹੈ ਅਤੇ ਉਣਤਾਈ ਪਾਏ ਜਾਣ ’ਤੇ ਤਾੜਨਾ ਵੀ ਕੀਤੀ ਜਾਂਦੀ ਹੈ ਪਰ ਅਫਸੋਸ ਦੀ ਗੱਲ ਹੈ ਕਿ ਸਿਵਲ ਸਰਜਨ ਦਫਤਰ ਦੇ ਕੁਝ ਮੁਲਾਜ਼ਮ ਅਤੇ ਅਧਿਕਾਰੀ ਸਰਕਾਰੀ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਹੇ। ਅਕਸਰ ਹੀ ਕਈ ਮੁਲਾਜ਼ਮ ਅਤੇ ਅਧਿਕਾਰੀ ਤਾਂ ਅਜਿਹੇ ਹਨ ਜੋ ਕਿ ਆਪਣੇ ਨਿੱਜੀ ਕੰਮਾਂ ਕਾਰਨ ਡਿਊਟੀ ਸਮੇਂ ਦੌਰਾਨ ਬਾਹਰ ਨਜ਼ਰ ਆਉਂਦੇ ਹਨ ਅਤੇ ਆਪਣਾ ਨਿੱਜੀ ਕੰਮ ਕਰਨ ਲਈ ਖੁਦ ਤਾਂ ਡਿਊਟੀ ਸਮੇਂ ਦੌਰਾਨ ਬਾਹਰ ਦਫਤਰ ਤੋਂ ਜਾਂਦੇ ਹਨ, ਨਾਲ ਹੋਰ ਮੁਲਾਜ਼ਮਾਂ ਨੂੰ ਵੀ ਕੰਪਨੀ ਲਈ ਨਾਲ ਲੈ ਜਾਂਦੇ ਹਨ। ਕੁਝ ਮੁਲਾਜ਼ਮ ਤਾਂ ਅਜਿਹੇ ਹਨ ਜੋ ਡਿਊਟੀ ਸਮੇਂ ਦੌਰਾਨ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਅਤੇ ਛੁੱਟੀ ਉਪਰੰਤ ਸਕੂਲੋਂ ਲਿਆਉਣ ਦਾ ਕੰਮ ਵੀ ਕਰਦੇ ਹਨ। ਕੁਝ ਮੁਲਾਜ਼ਮ ਅਤੇ ਅਧਿਕਾਰੀ ਤਾਂ ਅਜਿਹੇ ਹਨ ਜੋ ਕੁਝ ਸਮਾਂ ਆਪਣੇ ਸੀਟ ’ਤੇ ਨਜ਼ਰ ਆਉਂਦੇ ਹਨ ਪਰ ਬਾਅਦ ਵਿਚ ਉਹ ਸੀਟ ਤੋਂ ਗਾਇਬ ਹੋ ਜਾਂਦੇ ਹਨ।
ਬਾਇਓਮ੍ਰੈਟਿਕ ਮਸ਼ੀਨ ਨਾ ਹੋਣ ਕਾਰਨ ਲੱਗੀਆਂ ਮੌਜਾਂ
ਸਿਵਲ ਸਰਜਨ ਦਫਤਰ ਵਿਚ ਪਹਿਲਾਂ ਬਾਇਓਮੈਟ੍ਰਿਕ ਮਸ਼ੀਨ ਹਾਜ਼ਰੀ ਲਈ ਲਗਾਈ ਗਈ ਸੀ ਅਤੇ ਮੁਲਾਜ਼ਮ ਅਤੇ ਅਧਿਕਾਰੀਆਂ ਨੂੰ ਡਿਊਟੀ ’ਤੇ ਆਉਣ-ਜਾਣ ਦੇ ਸਮੇਂ ਆਪਣੀ ਹਾਜ਼ਰੀ ਲਗਾਉਣ ਲਈ ਮੌਜੂਦ ਰਹਿਣਾ ਪੈਂਦਾ ਸੀ ਪਰ ਹੁਣ ਬਾਇਓਮ੍ਰੈਟਿਕ ਮਸ਼ੀਨ ਨਾ ਲੱਗੀ ਹੋਣ ਕਾਰਨ ਉਕਤ ਵਰਗ ਦੇ ਮੁਲਾਜ਼ਮ ਅਤੇ ਅਧਿਕਾਰੀ ਆਪਣੇ ਮਨਮਰਜ਼ੀ ਕਰ ਰਹੇ ਹਨ ਅਤੇ ਮੌਜਾਂ ਮਾਣਦੇ ਹੋਏ ਡਿਊਟੀ ਵਿੱਚ ਆਉਂਦੇ ਹਨ। ਕੁਝ ਮੁਲਾਜ਼ਮ ਅਤੇ ਅਧਿਕਾਰੀ ਤਾਂ ਅਜਿਹੇ ਵੀ ਹਨ ਜੋ ਵਿਆਹ-ਸ਼ਾਦੀਆਂ ਅਤੇ ਹੋਰਨਾਂ ਸਮਾਗਮਾਂ ਵਿੱਚ ਡਿਊਟੀ ਸਮੇਂ ਦੌਰਾਨ ਆਪਣੀ ਹਾਜ਼ਰੀ ਲਗਾਉਂਦੇ ਹਨ।
ਇੱਥੇ ਵੱਡਾ ਸਵਾਲ ਖੜ੍ਹਾ ਹੁੰਦਾ ਹੈ ਕਿ ਜੇਕਰ ਡਿਊਟੀ ’ਤੇ ਪਾਬੰਦ ਅਤੇ ਸੀਟ ’ਤੇ ਹਾਜ਼ਰ ਰਹਿਣ ਲਈ ਹੋਰਨਾਂ ਸਰਕਾਰੀ ਹਸਪਤਾਲਾਂ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਲਈ ਕਾਨੂੰਨ ਹੈ ਤਾਂ ਕਿਉਂ ਸਿਵਲ ਸਰਜਨ ਦਫਤਰ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਲਈ ਅਜਿਹਾ ਕਾਨੂੰਨ ਨਹੀਂ ਹੈ। ਹੁਣ ਵੇਖਣਾ ਹੋਵੇਗਾ ਕਿ ਕੀ ਪ੍ਰਸ਼ਾਸਨ ਜਾਂ ਸਿਹਤ ਵਿਭਾਗ ਦੇ ਉੱਚ ਅਧਿਕਾਰੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆਂ ਡਿਊਟੀ ਸਮੇਂ ਦੌਰਾਨ ਮੌਜਾਂ ਮਾਨਣ ਵਾਲੇ ਉਕਤ ਮੁਲਾਜ਼ਮਾਂ ’ਤੇ ਕੋਈ ਸ਼ਿਕੰਜਾ ਕੱਸਦੇ ਹਨ।
ਡਿਊਟੀ ’ਤੇ ਪਾਬੰਦ ਰਹਿਣ ਦੇ ਸਾਰਿਆਂ ਲਈ ਨਿਯਮ ਬਰਾਬਰ : ਸਿਵਲ ਸਰਜਨ
ਸਿਵਲ ਸਰਜਨ ਡਾ. ਕਿਰਨਦੀਪ ਕੌਰ ਨੇ ਕਿਹਾ ਕਿ ਡਿਊਟੀ ’ਤੇ ਪਾਬੰਦ ਰਹਿਣ ਦੇ ਸਾਰਿਆਂ ਲਈ ਨਿਯਮ ਬਰਾਬਰ ਹਨ। ਜੇਕਰ ਕੋਈ ਮੁਲਾਜ਼ਮ ਜਾਂ ਅਧਿਕਾਰੀ ਡਿਊਟੀ ਸਬੰਧੀ ਲਾਪ੍ਰਵਾਹੀ ਵਰਤਦਾ ਹੈ ਤਾਂ ਸੰਬੰਧਤ ਮੁਲਾਜ਼ਮ ਅਤੇ ਅਧਿਕਾਰੀ ਖਿਲਾਫ ਬਣਦੀ ਕਾਰਵਾਈ ਨਿਯਮਾਂ ਤਹਿਤ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਮੇਂ-ਸਮੇਂ ’ਤੇ ਸਿਵਲ ਸਰਜਨ ਦਫਤਰ ਦੇ ਵਿੱਚ ਵੀ ਚੈਕਿੰਗ ਕੀਤੀ ਜਾਂਦੀ ਹੈ ਅਤੇ ਜੋ ਮੁਲਾਜ਼ਮ ਗੈਰ-ਹਾਜ਼ਰ ਜਾਂ ਲੇਟ-ਲਤੀਫੀ ਕਰਦਾ ਪਾਇਆ ਜਾਂਦਾ ਹੈ, ਉਸ ਖਿਲਾਫ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਂਦੀ ਹੈ।