ਸਾਹਿਬਜ਼ਾਦਾ ਅਜੀਤ ਸਿੰਘ ਨਗਰ: ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਸੋਨਮ ਚੌਧਰੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਪੈਂਡੂ ਵਿਕਾਸ ਕਾਰਜਾਂ ਦੀ ਸਮੀਖਿਆ ਕਰਦਿਆਂ ਜ਼ਿਲ੍ਹੇ ਵਿਚ ਚੱਲ ਰਹੇ ਵੱਖ-ਵੱਖ ਕਾਰਜਾਂ/ਪ੍ਰੋਜੈਕਟਾਂ ਨੂੰ ਮਿੱਥੇ ਸਮੇਂ ਅੰਦਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਨ।
ਉਹਨਾਂ ਅਧਿਕਾਰੀਆਂ ਨੂੰ ਕਿਹਾ ਕਿ ਸਰਕਾਰੀ ਪ੍ਰੋਜੈਕਟਾਂ ਦੇ ਚੱਲ ਰਹੇ ਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਸਹਿਣ ਨਹੀਂ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਚਲ ਰਹੇ ਵਿਕਾਸ ਕਾਰਜਾਂ ਵਿੱਚ ਸਰਪੰਚਾਂ ਦਾ ਸਹਿਯੋਗ ਲਿਆ ਜਾਵੇ। ਉਨ੍ਹਾਂ ਮੰਡੀ ਬੋਰਡ ਤੇ ਪੀ. ਡਬਲਿਊ.ਡੀ. ਦੇ ਅਧਿਕਾਰੀਆਂ ਨੂੰ ਖਰਾਬ ਸੜਕਾਂ ਦੀ ਮੁਰੰਮਤ ਕਰਨ ਸਬੰਧੀ ਬਕਾਇਆ ਕੰਮ ਜਲਦ ਤੋਂ ਜਲਦ ਨੇਪਰੇ ਚਾੜ੍ਹਨ ਦੀਆਂ ਹਦਾਇਤਾਂ ਕੀਤੀਆਂ।
ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਮ ਚੌਧਰੀ ਨੇ ਪਿੰਡਾਂ ਵਿੱਚ ਛੱਪੜਾਂ ਦੀ ਸਾਫ-ਸਫਾਈ, ਪੀਣ ਵਾਲੇ ਪਾਣੀ ਦੇ ਪ੍ਰੋਜੈਕਟਾਂ, ਨਜ਼ਾਇਜ ਕਬਜ਼ਿਆਂ ਨੂੰ ਛੁਡਵਾਉਣ, ਪਿੰਡਾਂ ਦੀ ਦਿੱਖ ਨੂੰ ਸੁਧਾਰਨ ਹਿੱਤ ਕੀਤੇ ਜਾਣ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ। ਵਧੀਕ ਡਿਪਟੀ ਕਮਿਸ਼ਨਰ ਨੇ ਬੀ.ਡੀ.ਪੀ.ਓਜ਼ ਨੂੰ ਕਿਹਾ ਕਿ ਮਹਾਤਮਾ ਗਾਂਧੀ ਦਿਹਾਤੀ ਰੋਜ਼ਗਾਰ ਗਾਰੰਟੀ ਕਾਨੂੰਨ (ਮਗਨਰੇਗਾ) ਹੇਠ ਮਗਨਰੇਗਾ ਵਰਕਰਾਂ ਤੋਂ ਵੱਧ ਤੋਂ ਵੱਧ ਵੱਖ ਵੱਖ ਕਾਰਜ ਕਰਵਾਏ ਜਾਣ ਅਤੇ ਰਹਿੰਦੇ ਕੰਮ ਜਲਦ ਤੋਂ ਜਲਦ ਮੁਕੰਮਲ ਕੀਤੇ ਜਾਣ।
ਪੰਜਾਬ ਵਿੱਚ ਖੇਡਾਂ ਵੱਲ ਵਿਸ਼ੇਸ਼ ਧਿਆਨ ਦਿੰਦੇ ਹੋਏ ਜ਼ਿਲ੍ਹੇ ਦੇ ਪਿੰਡਾਂ ਵਿੱਚ 154 ਖੇਡ ਮੈਦਾਨ ਬਣਾਏ ਜਾਣੇ ਹਨ, ਜਿਨ੍ਹਾਂ ਵਿੱਚੋਂ 73 ਬਣ ਗਏ ਹਨ ਤੇ 84 ਸਬੰਧੀ ਕੰਮ ਜਾਰੀ ਹੈ। ਇਹਨਾਂ ਕਾਰਜਾਂ ਉੱਤੇ ਹੁਣ ਤੱਕ ਕਰੀਬ 630.39 ਕਰੋੜ ਰੁਪਏ ਖਰਚੇ ਜਾ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਮਗਨਰੇਗਾ ਦਿਹਾਤੀ ਖੇਤਰਾਂ ਵਿਚ ਨਾ ਕੇਵਲ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਂਦਾ ਹੈ ਸਗੋਂ ਇਸ ਨਾਲ ਦਿਹਾਤੀ ਖੇਤਰਾਂ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਾਲ-ਨਾਲ ਲੋਕਾਂ ਦਾ ਆਰਥਿਕ ਪੱਧਰ ਵੀ ਉਚਾ ਹੋ ਰਿਹਾ ਹੈ। ਉਹਨਾਂ ਨੇ ਮਗਨਰੇਗਾ ਤਹਿਤ ਪਿੰਡਾਂ ਵਿਚ ਬੂਟੇ ਲਗਾਉਣ, ਸਾਂਝਾ ਜਲ ਤਾਲਾਬ ਸਕੀਮ ਤਹਿਤ ਜਿੰਨ੍ਹਾਂ ਤਾਲਾਬਾਂ ਦਾ ਕੰਮ ਚਲ ਰਿਹਾ ਹੈ, ਨੂੰ ਬਿਨਾਂ ਦੇਰੀ ਦੇ ਮੁਕੰਮਲ ਕਰਨ ਅਤੇ ਹੋਰ ਤਾਲਾਬ ਬਣਾਉਣ, ਸਕੂਲਾਂ ਵਿਚ ਮੀਂਹ ਦੇ ਪਾਣੀ ਦੀ ਸੰਭਾਲ ਲਈ ਢਾਂਚਾ ਵਿਕਸਤ ਕਰਨ, ਛੱਪੜਾਂ ਨੂੰ ਸਾਫ਼ ਕਰਨ ਤੇ ਗਾਰ ਕੱਢਣ ਲਈ ਮਗਨਰੇਗਾ ਵਰਕਰਾਂ ਦੀ ਸ਼ਮੂਲੀਅਤ ਯਕੀਨੀ ਬਨਾਉਣ ਲਈ ਕਿਹਾ। ਸ਼੍ਰੀਮਤੀ ਚੌਧਰੀ ਨੇ ਦੱਸਿਆ ਕਿ ਐਗਰੋਫੌਰੈਸਟਰੀ ਤਹਿਤ ਡੇਰਾਬਸੀ ਦੇ ਪਿੰਡ ਕੁਰਨਵਾਲਾ ਵਿਖੇ 05 ਏਕੜ, ਖਰੜ ਦੇ ਨਬੀਪੁਰ ਵਿੱਚ 2.5 ਏਕੜ ਤੇ ਭਜਹੇੜੀ ਵਿੱਚ 17 ਏਕੜ, ਮਾਜਰੀ ਦੇ ਪਿੰਡ ਮਾਜਰਾ ਵਿੱਚ 2.5 ਏਕੜ ਅਤੇ ਮੋਹਾਲੀ ਦੇ ਪਿੰਡ ਦੈੜੀ ਵਿੱਚ 1.5 ਏਕੜ ਵਿੱਚ ਐਗਰੋਫੌਰੈਸਟਰੀ ਕਰਨ ਸਬੰਧੀ ਕਾਰਵਾਈ ਜਾਰੀ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਕਾਸ ਕਾਰਜਾਂ ਨਾਲ ਸਬੰਧਤ ਵਿਭਾਗਾਂ ਦੇ ਅਧਿਕਾਰੀ ਖੁਦ ਫੀਲਡ ਵਿਚ ਜਾ ਕੇ ਪ੍ਰੋਜ਼ੈਕਟਾਂ ਦੀ ਨਿਗਰਾਨੀ ਕਰਨ। ਪਿੰਡਾਂ ਦੀ ਸਾਫ ਸਫਾਈ ਅਹਿਮ ਮਕਸਦ ਹੈ, ਜਿਸ ਵਾਸਤੇ ਜ਼ਿਲ੍ਹੇ ਦੇ ਬੀ.ਡੀ.ਓਜ਼ ਖੁਦ ਨਿਰੀਖਣ ਕਰਨ ਤਾਂ ਜੋ ਪਿੰਡਾਂ ਦੀ ਦਿੱਖ ਨੂੰ ਸੁਧਾਰਿਆ ਜਾ ਸਕੇ।
ਉਨ੍ਹਾਂ ਨੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਬਾਰੇ ਜਾਗਰੂਕ ਕਰਨ ਲਈ ਜ਼ਿਲ੍ਹਾ ਰੋਜ਼ਗਾਰ ਬਿਊਰੋ ਨੂੰ ਪਿੰਡਾਂ ਵਿੱਚ ਜਾ ਕੇ ਕੈਂਪ ਲਾਉਣ ਲਈ ਵੀ ਕਿਹਾ ਤਾਂ ਜੋ ਵੱਧ ਤੋਂ ਵੱਧ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਪਿੰਡ ਵਿਚ ਕੈਂਪ ਲੱਗਣ ਤੋਂ ਇਕ ਹਫਤਾ ਪਹਿਲਾਂ ਪਿੰਡ ਦੇ ਸਰਪੰਚ ਰਾਹੀਂ ਲੋਕਾਂ ਨੂੰ ਲੱਗਣ ਵਾਲੇ ਕੈਂਪ ਬਾਰੇ ਜਾਗਰੂਕ ਕੀਤਾ ਜਾਵੇ ਤਾਂ ਜੋ ਨੌਜਵਾਨ ਇੰਨ੍ਹਾਂ ਕੈਪਾਂ ਦਾ ਫਾਇਦਾ ਲੈ ਸਕਣ। ਉਨ੍ਹਾਂ ਨੇ ਸਕੂਲ ਵਿੱਚ ਮਿਲਣ ਵਾਲੇ ਮਿਡ ਡੇ ਮੀਲ ਵੱਲ ਵਧੇਰੇ ਧਿਆਨ ਦਿੰਦਿਆਂ ਕਿਹਾ ਕਿ ਸਮੇਂ ਸਮੇਂ ਤੇ ਖਾਣੇ ਦੀ ਕੁਆਲਿਟੀ ਚੈਕ ਕਰਵਾਈ ਜਾਵੇ ਅਤੇ ਇਸ ਦਾ ਰਜਿਸਟਰ ਵਿੱਚ ਬਕਾਇਦਾ ਇੰਦਰਾਜ ਕੀਤਾ ਜਾਵੇ।
ਮੀਟਿੰਗ ਦੌਰਾਨ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਪਰਾਲੀ ਪ੍ਰਬੰਧਨ ਲਈ ਚਲ ਰਹੀ ਕਰਾਪ ਰੈਜ਼ੀਡਿਊ ਮੈਨਜਮੈਂਟ ਸਕੀਮ ਅਧੀਨ ਹੁਣ ਤੱਕ 191 ਮਸ਼ੀਨਾਂ ਸਬਸਿਡੀ ਤੇ ਦਿੱਤੀਆਂ ਗਈਆਂ ਹਨ, ਜਿਸ ਤੇ ਲਗਭਗ 3.57 ਕਰੋੜ ਰੁਪਿਆ ਸਬਸਿਡੀ ਜਾਰੀ ਕੀਤੀ ਗਈ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਬੀ.ਡੀ.ਪੀ.ਓਜ਼ ਸਮੇਤ ਸਮੂਹ ਅਧਿਕਾਰੀਆਂ ਨੂੰ ਵਿਕਾਸ ਕੰਮਾਂ ਵਿਚ ਤੇਜ਼ੀ ਲਿਆਉਣ ਅਤੇ ਚੱਲ ਰਹੇ ਕੰਮਾਂ ਲਈ ਨਿਜੀ ਤੌਰ ਤੇ ਦੌਰਾ ਕਰਕੇ ਧਿਆਨ ਦੇਣ ਲਈ ਕਿਹਾ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਕੰਮ ਵਿੱਚ ਮੁਸ਼ਕਲ ਪੇਸ਼ ਆ ਰਹੀ ਹੈ ਤਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਜੋ ਉਸਦਾ ਢੁੱਕਵਾਂ ਹੱਲ ਕੀਤਾ ਜਾ ਸਕੇ। ਉਨ੍ਹਾਂ ਨੇ ਜ਼ਿਲ੍ਹੇ ਵਿਚ ਚੱਲ ਰਹੇ ਵਿਕਾਸ ਕੰਮਾਂ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਵਾਸਤੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਕੰਮਾਂ ਦੀ ਸਮੇਂ-ਸਮੇਂ ਤੇ ਪ੍ਰਗਤੀ ਰਿਪੋਰਟ ਪੇਸ਼ ਕਰਨ ਲਈ ਵੀ ਕਿਹਾ। ਉਨ੍ਹਾਂ ਨੇ ਪਿੰਡਾਂ ਵਿੱਚ ਸੋਲਿਡ ਅਤੇ ਲਿਕੁਅਡ ਵੈਸਟ ਅਧੀਨ ਕੰਮ ਨੂੰ ਤੇਜ਼ੀ ਨਾਲ ਮਿੱਥੇ ਸਮੇਂ ਅੰਦਰ ਮੁਕੰਮਲ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਵੱਲੋਂ ਬੀ.ਡੀ.ਪੀ.ਓਜ਼ ਨਾਲ ਪਿੰਡਾਂ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਸਬੰਧੀ ਜਾਣਕਾਰੀ ਹਾਸਲ ਕਰਦੇ ਹੋਏ ਨਿਰਦੇਸ਼ ਦਿੱਤੇ ਕਿ ਉਹ ਯਕੀਨੀ ਬਣਾਉਣ ਕਿ ਯੋਜਨਾ ਦਾ ਲਾਭ ਜ਼ਮੀਨੀ ਪੱਧਰ ’ਤੇ ਯੋਗ ਵਿਅਕਤੀਆਂ ਤੱਕ ਪਹੁੰਚੇ।
ਉਨ੍ਹਾਂ ਮੀਟਿੰਗ ਦੇ ਦੌਰਾਨ ਪ੍ਰਧਾਨ ਮੰਤਰੀ ਆਵਾਸ ਯੋਜਨਾ, ਵਿਸ਼ਵਕਰਮਾ ਯੋਜਨਾ, ਆਤਮਾ ਸਕੀਮ, ਪੀ.ਡਬਲਿਊ ਵਰਕਸ, ਸਵੱਛਤਾ ਸਰਵੇਖਣ ਆਦਿ ਯੋਜਨਾਵਾਂ ਦਾ ਜਾਇਜ਼ਾ ਲੈਂਦੇ ਹੋਏ ਸਬੰਧਤ ਵਿਭਾਗਾਂ ਨੂੰ ਵਰਤੋਂ ਸਰਟੀਫਿਕੇਟ ਜਲਦੀ ਮੁਹੱਈਆ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਐਮ.ਪੀ.ਲੈਡ ਸਕੀਮ ਤਹਿਤ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਂਦੇ ਹੋਏ ਇਨ੍ਹਾਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਕਿਹਾ।
ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਬਲਜਿੰਦਰ ਸਿੰਘ ਗਰੇਵਾਲ, ਸਮੂਹ ਬੀ.ਡੀ.ਪੀ.ਓਜ਼, ਪੀ.ਡਬਲੀਊ.ਡੀ. ਵਿਭਾਗ ਦੇ ਐਕਸੀਅਨ ਅਤੇ ਹੋਰਨਾਂ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਸ਼ਾਮਿਲ ਸਨ।