ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਨੇ ਗਣਤੰਤਰ ਦਿਵਸ ਸਮਾਰੋਹ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਸੈਕਟਰ-17 ਦੇ ਪਰੇਡ ਗਰਾਊਂਡ ਵਿਖੇ ਗਣਤੰਤਰ ਦਿਵਸ ਸਮਾਰੋਹ ’ਚ ਸੁਰੱਖਿਆ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਨੋ ਫਲਾਇੰਗ ਜ਼ੋਨ ਐਲਾਨਦਿਆਂ ਡਰੋਨ ਤੇ ਮਾਨਵ ਰਹਿਤ ਹਵਾਈ ਵਾਹਨਾਂ (ਯੂ. ਏ. ਵੀ.) ਦੇ ਸੰਚਾਲਨ ’ਤੇ ਪਾਬੰਦੀ ਲਾ ਦਿੱਤੀ ਹੈ।
ਇਹ ਹੁਕਮ 17 ਜਨਵਰੀ ਦੀ ਅੱਧੀ ਰਾਤ ਤੋਂ ਲਾਗੂ ਹੋਣਗੇ ਅਤੇ 26 ਜਨਵਰੀ ਤੱਕ ਰਹਿਣਗੇ। ਡਰੋਨਾਂ ਰਾਹੀਂ ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ. ਈ. ਡੀ.) ਰਾਹੀਂ ਅੱਤਵਾਦੀ ਹਮਲਿਆਂ ਦੀਆਂ ਵੱਧ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਨੇ ਵੀ. ਆਈ. ਪੀ. ਤੇ ਆਮ ਜਨਤਾ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਆਪਣੀ ਸ਼ਕਤੀਆਂ ਦਾ ਇਸਤੇਮਾਲ ਕੀਤਾ ਹੈ।
ਗਣਤੰਤਰ ਦਿਵਸ ਸਮਾਰੋਹ ’ਚ ਚੰਡੀਗੜ੍ਹ, ਪੰਜਾਬ, ਹਰਿਆਣਾ ਤੇ ਕੇਂਦਰ ਸਰਕਾਰ ਦੇ ਵੀ. ਵੀ. ਆਈ. ਪੀਜ਼, ਸੀਨੀਅਰ ਅਧਿਕਾਰੀ ਤੇ ਆਮ ਲੋਕ ਹਾਜ਼ਰ ਹੋਣਗੇ। ਹਾਲਾਂਕਿ ਪਾਬੰਦੀ ਦੇ ਹੁਕਮ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ, ਪੁਲਸ, ਅਰਧ ਸੈਨਿਕ ਬਲ, ਹਵਾਈ ਸੈਨਾ, ਐੱਸ. ਪੀ. ਜੀ. ਤੇ ਸਮਰੱਥ ਸਰਕਾਰੀ ਅਧਿਕਾਰਤ ਵਿਅਕਤੀਆਂ ’ਤੇ ਲਾਗੂ ਨਹੀਂ ਹੋਣਗੇ। ਉਲੰਘਣਾ ਕਰਨ ’ਤੇ ਭਾਰਤੀ ਦੰਡ ਸਹਿੰਤਾ ਦੀ ਧਾਰਾ-188 ਤੇ ਹੋਰ ਸਬੰਧਿਤ ਕਾਨੂੰਨਾਂ ਤਹਿਤ ਕਾਰਵਾਈ ਕੀਤੀ ਜਾਵੇਗੀ।