ਸੁਲਤਾਨਪੁਰ ਲੋਧੀ : ਦੇਸ਼ ’ਚ ਇਸ ਸਮੇਂ ਜਦੋਂ ਕਈ ਖ਼ਤਰਨਾਕ ਬੀਮਾਰੀਆਂ ਮਨੁੱਖੀ ਜੀਵਨ ਲਈ ਬੇਹੱਦ ਘਾਤਕ ਅਤੇ ਜਾਨਲੇਵਾ ਸਾਬਿਤ ਹੋ ਰਹੀਆਂ ਹਨ, ਉੱਥੇ ਹੀ ਔਰਤਾਂ ’ਚ ਬ੍ਰੈਸਟ ਕੈਂਸਰ ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ਕਾਰਨ ਪੂਰੇ ਵਿਸ਼ਵ ’ਚ ਔਰਤਾਂ ਦੀ ਮੌਤ ਦਰ ’ਚ ਕਾਫ਼ੀ ਵਾਧਾ ਹੋ ਰਿਹਾ ਹੈ। ਡਾਕਟਰਾਂ ਮੁਤਾਬਕ ਔਰਤਾਂ ਦੀ ਜੀਵਨ ਸ਼ੈਲੀ ’ਚ ਬਦਲਾਅ ਹੀ ਬ੍ਰੈਸਟ ਕੈਂਸਰ ਦਾ ਮੁੱਖ ਕਾਰਨ ਹੈ। ਉਨ੍ਹਾਂ ਔਰਤਾਂ ਨੂੰ ਇਸ ਦੇ ਲੱਛਣਾਂ ਪ੍ਰਤੀ ਜਾਗਰੂਕ ਹੋਣ ਦੀ ਸਲਾਹ ਦਿੱਤੀ ਹੈ। ਦੱਸਣਯੋਗ ਹੈ ਕਿ ਵਿਸ਼ਵ ’ਚ ਹਰ ਸਾਲ ਕਰੀਬ 17 ਲੱਖ ਨਵੇ ਬ੍ਰੈਸਟ ਕੈਂਸਰ ਦੇ ਮਾਮਲਿਆਂ ਦਾ ਨਿਦਾਨ ਹੁੰਦਾ ਹੈ। ਉੱਥੇ ਭਾਰਤ ’ਚ ਹਰ ਸਾਲ ਆਉਣ ਵਾਲੇ ਬ੍ਰੈਸਟ ਕੈਂਸਰ ਦੇ ਮਾਮਲਿਆਂ ਦੀ ਗਿਣਤੀ ’ਚ 2 ਲੱਖ ਹੈ। ਇਨ੍ਹਾਂ ’ਚ ਕਰੀਬ 1 ਲੱਖ ਔਰਤਾਂ ਦੀ ਇਸ ਕੈਂਸਰ ਨਾਲ ਮੌਤ ਹੋ ਜਾਂਦੀ ਹੈ।
ਬ੍ਰੈਸਟ ਕੈਂਸਰ ਦਾ ਮਹਿਲਾਵਾਂ ’ਚ ਤੇਜ਼ੀ ਨਾਲ ਵਧਣ ਦਾ ਮੁੱਖ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ। ਕਿ ਔਰਤਾਂ ਅੱਜ ਵੀ ਇਸ ਬੀਮਾਰੀ ਨੂੰ ਲੈ ਕੇ ਜਾਗਰੂਕ ਨਹੀਂ ਹਨ ਅਤੇ ਇਹੋ ਕਾਰਨ ਹੀ ਬ੍ਰੈਸਟ ’ਚ ਬਦਲਾਅ ਮਹਿਸੂਸ ਹੋਣ ਤੋਂ ਬਾਅਦ ਵੀ ਔਰਤਾਂ ਲਾਪ੍ਰਵਾਹੀ ਵਰਤਦੀਆਂ ਹਨ। ਬ੍ਰੈਸਟ ਕੈਂਸਰ ’ਚ ਆਮ ਤੌਰ ’ਤੇ ਕੀਮੋਥੈਰੇਪੀ, ਸਰਜਰੀ, ਰੇਡੀਓਥੈਰੇਪੀ, ਟਾਰਗੇਟੇਡ ਥੈਰੇਪੀ, ਹਾਰਮੋਨਲ ਥੈਰੇਪੀ, ਐਡੋਕਰਾਇਨ ਥੈਰੇਪੀ, ਐੱਸ. ਓ. ਨੀ. ਥੈਰੇਪੀ ਨਾਲ ਇਲਾਜ ਕੀਤਾ ਜਾਦਾ ਹੈ, ਜੇ ਔਰਤਾਂ ਸ਼ੁਰੂਆਤੀ ਸਟੇਜ ’ਤੇ ਇਸ ਵੱਲ ਧਿਆਨ ਦੇਣ ਤਾ ਸਹੀ ਇਲਾਜ ਕਰਾ ਕੇ ਬ੍ਰੈਸਟ ਨੂੰ ਬਚਾਇਆ ਵੀ ਜਾ ਸਕਦਾ ਹੈ।
ਕੀ ਹੁੰਦਾ ਹੈ ਬ੍ਰੈਸਟ ਕੈਂਸਰ
ਔਰਤ ਦੀ ਛਾਤੀ ਨੂੰ ਸਰੀਰ ਦਾ ਇਕ ਅਹਿਮ ਅੰਗ ਮੰਨਿਆ ਜਾਂਦਾ ਹੈ। ਬ੍ਰੈਸਟ ਦਾ ਕਾਰਜ ਆਪਣੇ ਟਿਸ਼ੂ ਨਾਲ ਦੁੱਧ ਬਨਾਉਣਾ ਹੁੰਦਾ ਹੈ, ਇਹ ਟਿਸ਼ੂ ਬਹੁਤ ਬਾਰੀਕ ਨਾੜੀਆਂ ਦੁਆਰਾ ਨਿੱਪਲ ਨਾਲ ਜੁੜੇ ਹੁੰਦੇ ਹਨ। ਜਦੋਂ ਬ੍ਰੈਸਟ ਕੈਂਸਰ ਨਾੜੀਆਂ ’ਚ ਛੋਟੇ ਸਖ਼ਤ ਕਣ ਜੰਮਣ ਲੱਗਦੇ ਹਨ ਤਾਂ ਬ੍ਰੈਸਟ ’ਚ ਟਿਸ਼ੂ ਦੀ ਛੋਟੀ ਗੱਠ ਬਣਦੀ ਹੈ, ਤਦ ਕੈਂਸਰ ਵੱਧਣ ਲਗਦਾ ਹੈ।
ਬ੍ਰੈਸਟ ਕੈਂਸਰ ਦੇ ਕਾਰਨ
ਮਾਹਵਾਰੀ ’ਚ ਪਰਿਵਰਤਨ ਨਾਲ ਵੀ ਬ੍ਰੈਸਟ ਕੈਂਸਰ ਹੋ ਸਕਦਾ ਹੈ, ਇਸ ਲਈ ਹਰੇਕ ਔਰਤਾਂ ਨੂੰ ਮਾਹਵਾਰੀ ’ਚ ਆਏ ਪਰਿਵਰਤਨ ਨੂੰ ਸੀਰੀਅਸ ਲੈ ਕੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਜਿਵੇਂ ਕਿ ਜੇ 12 ਸਾਲ ਦੀ ਉਮਰ ’ਚ ਪਹਿਲਾਂ ਹੀ ਮਾਹਵਾਰੀ ਸ਼ੁਰੂ ਹੋ ਜਾਵੇ ਜਾਂ 30 ਸਾਲ ਤੋਂ ਬਾਅਦ ਗਰਭਵਤੀ ਹੋਵੇ ਜਾਂ 55 ਦੀ ਉਮਰ ਤੋਂ ਬਾਅਦ ਮੀਨੋਪਾਜ ਹੋਵੇ ਜਾਂ ਪੀਰੀਅਡ ਦਾ ਸਮਾਂ 26 ਦਿਨਾਂ ਤੋਂ ਘੱਟ ਜਾਂ 29 ਦਿਨਾਂ ਤੋਂ ਜ਼ਿਆਦਾ ਹੋ ਜਾਵੇ।
ਨਸ਼ੀਲੇ ਪਦਾਰਥਾਂ ਦਾ ਸੇਵਨ
ਸ਼ਰਾਬ, ਸਿਗਰਟ ਜਾਂ ਡੱਰਗਜ਼ ਦੇ ਸੇਵਨ ਨਾਲ ਵੀ ਔਰਤਾਂ ’ਚ ਬ੍ਰੈਸਟ ਕੈਂਸਰ ਹੁੰਦਾ ਹੈ। ਹੁਣ ਇਸ ਦੀ ਗਿਣਤੀ ਬਹੁਤ ਵੱਧ ਗਈ ਹੈ। ਕਿਸੇ ਵੀ ਤਰ੍ਹਾਂ ਦੇ ਨਸ਼ੇ ਦਾ ਜ਼ਿਆਦਾ ਮਾਤਰਾਂ ’ਚ ਸੇਵਨ ਸਰੀਰ ’ਚ ਕੈਂਸਰ ਨੂੰ ਜਨਮ ਦਿੰਦਾ ਹੈ।
ਪਰਿਵਾਰ ਦਾ ਇਤਿਹਾਸ
ਪਰਿਵਾਰ ਦਾ ਇਤਿਹਾਸ ਬ੍ਰੈਸਟ ਕੈਂਸਰ ’ਚ ਅਹਿਮ ਕੜੀ ਹੈ। ਬ੍ਰੈਸਟ ਕੈਂਸਰ ਅਜਿਹਾ ਰੋਗ ਹੈ, ਜੋ ਪੀੜ੍ਹੀਆਂ ਤੱਕ ਚੱਲਦਾ ਹੈ। ਜੇ ਕਿਸੇ ਬਹੁਤ ਕਰੀਬੀ ਰਿਸ਼ਤੇ ਜਿਵੇਂ ਰਿਸ਼ਤੇਦਾਰੀ ’ਚ ਕਿਸੇ ਨੂੰ ਬ੍ਰੈਸਟ ਕੈਂਸਰ ਹੋਇਆ ਹੋਵੇ ਤਾਂ ਅਜਿਹੇ ’ਚ ਉਸ ਪਰਿਵਾਰ ਦੀ ਕਿਸੇ ਵੀ ਔਰਤ ’ਚ ਬ੍ਰੈਸਟ ਕੈਂਸਰ ਦੀ ਸੰਭਾਵਨਾ ਵਧ ਜਾਂਦੀ ਹੈ।
ਬ੍ਰੈਸਟ ਕੈਂਸਰ ਦੇ ਲੱਛਣ
-ਛਾਤੀ ਜਾਂ ਬਾਂਹਾਂ ਦੇ ਥੱਲੇ ਗੱਠ ਹੋਣਾ।
-ਛਾਤੀ ਦੇ ਆਕਾਰ ’ਚ ਬਦਲਾਅ, ਜਿਵੇਂ ਉੱਚਾ ਤੇ ਟੇਢਾ-ਮੇਢਾ ਹੋਣਾ।
-ਛਾਤੀ ਜਾਂ ਫਿਰ ਨਿੱਪਲ ਦਾ ਲਾਲ ਰੰਗ ਹੋ ਜਾਣਾ।
-ਛਾਤੀ ’ਚੋਂ ਖ਼ੂਨ ਆਉਣਾ।
-ਛਾਤੀ ਜਾਂ ਫਿਰ ਨਿੱਪਲ ’ਚ ਡਿੰਪਲ।
-ਜਲਨ ਤੇ ਲਕੀਰਾਂ ਦਾ ਸਿੰਗੁੜਨਾ।