ਪ੍ਰੀਤ ਪੱਤੀ
ਖਰੜ: ਪੰਜਾਬੀ ਫਿਲਮ ਟੈਲੀਵਿਜ਼ਨ ਐਕਟਰਜ਼ ਐਸੋਸੀਏਸ਼ਨ ਨੇ ਚੰਡੀਗੜ੍ਹ ਯੂਨੀਵਰਸਿਟੀ, ਘੜੂਆ ਵਿਖੇ ਪੰਜਾਬੀ ਸਿਨੇਮਾ ਦਿਵਸ ਸਮਾਰੋਹ ਦਾ ਆਯੋਜਨ ਕੀਤਾ।ਹਰ ਸਾਲ ਦੀ ਤਰ੍ਹਾਂ ਫਿਲਮ ਇੰਡਸਟਰੀ ਅਤੇ ਟੈਲੀਵਿਜ਼ਨ ਨਾਲ ਜੁੜੇ ਕਲਾਕਾਰਾਂ ਨੇ ਵੱਧ ਚੜ ਕੇ ਹਿੱਸਾ ਲਿਆ ਇਸ ਪ੍ਰੋਗਰਾਮ ਵਿੱਚ ਚੰਡੀਗੜ੍ਹ ਅਤੇ ਪੰਜਾਬ ਦੇ ਹੋਰ ਥਾਵਾਂ ਤੋਂ ਵੱਡੀ ਗਿਣਤੀ ਵਿੱਚ ਕਲਾਕਾਰ ਸ਼ਾਮਲ ਹੋਏ।
ਇਸ ਮੌਕੇ, ਪਹਿਲੇ ਸੈਸ਼ਨ ਵਿੱਚ, ਕਲਾਸਿਕ ਫਿਲਮ ਸ਼ਹੀਦ-ਏ-ਮੁਹੱਬਤ ਬੂਟਾ ਸਿੰਘ ਦਿਖਾਈ ਗਈ ਅਤੇ ਫਿਲਮ ਤੋਂ ਬਾਅਦ, ਐਸੋਸੀਏਸ਼ਨ ਦੇ ਜਨਰਲ ਸਕੱਤਰ, ਬੀ.ਐਨ. ਸ਼ਰਮਾ ਨੇ ਕਿਹਾ ਕਿ ਜਿਸ ਸਮੇਂ ਇਹ ਫਿਲਮ ਰਿਲੀਜ਼ ਹੋਈ ਸੀ, ਉਦੋਂ ਪੰਜਾਬ ਵਿੱਚ ਕਾਲੇ ਦੌਰ ਦਾ ਸਮਾਂ ਚੱਲ ਰਿਹਾ ਸੀ । ਪੰਜਾਬੀ ਫਿਲਮਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਫਿਰ ਵੀ ਇਹ ਫਿਲਮ ਬਹੁਤ ਉਚਾਈਆਂ 'ਤੇ ਪਹੁੰਚੀ। ਫਿਲਮ ਤੋਂ ਬਾਅਦ, ਇਸ ਵਿੱਚ ਕੰਮ ਕਰਨ ਵਾਲੇ ਕਲਾਕਾਰਾਂ ਨੂੰ ਪਾਫਟਾ ਦਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਿਹਨਾਂ ਵਿੱਚ ਬੀ.ਐਨ.ਸ਼ਰਮਾ, ਦਰਸ਼ਨ ਔਲਖ, ਗਿੱਕ ਗਰੇਵਾਲ, ਰਮੇਸ਼ ਭਾਰਦਵਾਜ, ਵਿਜੇ ਸਕਸੈਨਾ, ਰਾਜੇਸ਼ ਬਜਾਜ, ਅਮਰੀਕ ਤੇਜਾ ਅਤੇ ਤੇਜ ਭਾਨ ਗਾਂਧੀ।
ਲਗਭਗ 1.30 ਵਜੇ, ਸੱਭਿਆਚਾਰਕ ਪ੍ਰੋਗਰਾਮ ਦਾ ਦੂਜਾ ਸੈਸ਼ਨ ਸ਼ੁਰੂ ਹੋਇਆ ਜਿਸ ਵਿੱਚ ਗੀਤ ਅਤੇ ਸਨਮਾਨ ਚਿੰਨ੍ਹ ਦਿੱਤੇ ਗਏ। ਪ੍ਰੋਗਰਾਮ ਦੀ ਸ਼ੁਰੂਆਤ ਸੱਜਣ ਅਕਬਰਪੁਰੀ ਦੇ ਗੀਤ, ਮੇਰਾ ਦੇਸ਼ ਪੰਜਾਬ, ਮੈਂ ਗਾਵਾਂਗਾ ਇਸ ਤਰ੍ਹਾਂ ਦੇ ਗੀਤ ਨਾਲ ਹੋਈ। ਕਰਮਜੀਤ ਅਨਮੋਲ ਨੇ ਬੂਰ ਪਿਆ ਅੰਬੀਆਂ ਨੂੰ ਮਾਏ ਵਿੱਚ ਖੇਤਾਂ ਕਣਕਾਂ ਪੱਕੀਆਂ ਗੀਤ ਗਾ ਕੇ ਆਪਣੀ ਹਾਜ਼ਰੀ ਲਵਾਈ । ਲੋਕ ਗਾਇਕ ਸਰਬਜੀਤ ਕੌਰ ਨੇ ਪਹਿਲਾਂ ਕੋਕਾ ਅਤੇ ਫੇਰ ਦਰਸ਼ਕਾਂ ਦੇ ਡਿਮਾਂਡ ਤੇ ਘੋੜੀ ਸੁਣਾਈ । ਇਹਨਾਂ ਤੋਂ ਇਲਾਵਾ ਮਸ਼ਹੂਰ ਗਾਇਕ ਅਮਰ ਨੂਰੀ, ਸੁੱਖੀ ਬਰਾੜ, ਪ੍ਰਭ ਸ਼ਰਨ ਕੌਰ, ਰਾਖੀ ਹੁੰਦਲ, ਹਰਪ੍ਰੀਤ ਵਾਲੀਆ, ਜਸਵਿੰਦਰ ਬਰਾੜ, ਕਰਮ ਰਾਜ ਕਰਮਾ, ਸਲੀਮ ਸਿਕੰਦਰ ਵਰਗੇ ਹੋਰ ਗਾਇਕਾਂ ਨੇ ਸ਼ੋਅ ਦੀ ਸੁੰਦਰਤਾ ਨੂੰ ਵਧਾਇਆ ਅਤੇ ਦਰਸ਼ਕਾਂ ਅਤੇ ਕਲਾਕਾਰਾਂ ਨੂੰ ਨੱਚਣ ਲਈ ਮਜਬੂਰ ਕੀਤਾ।
ਮਸ਼ਹੂਰ ਕਾਮੇਡੀਅਨ ਬਲਵਿੰਦਰ ਵਿੱਕੀ (ਚਾਚਾ ਰੌਣਕੀ ਰਾਮ) ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਕਿਹਾ ਕਿ ਰੋਮ ਇੱਕ ਦਿਨ ਵਿੱਚ ਨਹੀਂ ਬਣਿਆ, ਕਿਸੇ ਵੀ ਕੰਮ ਨੂੰ ਕਰਨ ਵਿੱਚ ਕੁਝ ਸਮਾਂ ਲੱਗਦਾ ਹੈ ਅਤੇ ਪਾਫਟਾ ਨੇ ਇਹ ਸਾਬਤ ਕਰ ਦਿੱਤਾ ਹੈ, ਇਹ ਅੱਜ ਬਹੁਤ ਉਚਾਈਆਂ 'ਤੇ ਪਹੁੰਚ ਗਿਆ ਹੈ ਅਤੇ ਆਪਣੇ ਪ੍ਰਧਾਨ ਪਦਮਸ਼੍ਰੀ ਨਿਰਮਲ ਰਿਸ਼ੀ ਦੀ ਕਲਾ ਦੀ ਵੀ ਉਹਨਾਂ ਰੱਜ ਕੇ ਤਾਰੀਫ ਕੀਤੀ ।
ਦੇਵੇਂਦਰ ਦਮਨ - ਮਸ਼ਹੂਰ ਅਦਾਕਾਰ, ਲੇਖਕ, ਨੇ ਦੱਸਿਆ ਕਿ ਕਿਵੇਂ ਉਸਨੇ ਹਾਲੀਵੁੱਡ ਵਿੱਚ ਆਪਣੀ ਪਛਾਣ ਬਣਾਈ ਅਤੇ ਉਹ ਕੈਨੇਡੀਅਨ, ਅਮਰੀਕੀ, ਇਤਾਲਵੀ ਲੋਕਾਂ ਨੂੰ ਥੀਏਟਰ ਸਿਖਲਾਈ ਦਿੰਦਾ ਹੈ - ਨਾਮ ਆਰਟ ਆਫ਼ ਐਕਟਿੰਗ-ਯੋਗਿਕ ਹੈ ਜੋ ਉਹ ਜਲਦੀ ਹੀ ਭਾਰਤ ਵਿੱਚ ਸ਼ੁਰੂ ਕਰਨ ਜਾ ਰਿਹਾ ਹੈ।
ਬੀ.ਬੀ. ਵਰਮਾ- ਕਲਾਕਾਰ ਅਤੇ ਸੀਨੀਅਰ ਪਾਫਟਾ ਮੈਂਬਰ ਨੇ ਇੱਕ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਪੰਜਾਬ ਸਿਨੇਮਾ ਦਿਵਸ 29 ਮਾਰਚ ਨੂੰ ਕਿਉਂ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ 1935 ਵਿੱਚ ਪਹਿਲੀ ਪੰਜਾਬੀ ਫਿਲਮ, ਇਸ਼ਕ-ਏ-ਪੰਜਾਬ ਮਿਰਜ਼ਾ ਸਾਹਿਬਾ ਰਿਲੀਜ਼ ਹੋਈ ਸੀ। ਮਲਕੀਤ ਰੌਣੀ ਕਲਾਕਾਰ ਅਤੇ ਪਾਫਟਾ ਦੇ ਥੰਮ੍ਹ ਨੇ ਸਟੇਜ ਨੂੰ ਸੰਭਾਲਿਆ ਅਤੇ ਆਪਣੇ ਮਜ਼ਾਕੀਆ ਅੰਦਾਜ਼ ਅਤੇ ਵਿਅੰਗ ਨਾਲ ਦਰਸ਼ਕਾਂ ਨੂੰ ਅੰਤ ਤੱਕ ਜੋੜੀ ਰੱਖਿਆ।
ਫਿਲਮ ਨਿਰਦੇਸ਼ਕ ਰਾਜੀਵ ਸ਼ਰਮਾ ਨੇ ਲਘੂ ਫਿਲਮਾਂ ਬਾਰੇ ਗੱਲ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਦੀ ਫਿਲਮ ਨਾਬਰ ਨੂੰ ਰਾਸ਼ਟਰੀ ਪੁਰਸਕਾਰ ਮਿਲਿਆ ਹੈ। ਜਤਿੰਦਰ ਮੋਹਰ ਨੇ ਪੰਜਾਬੀ ਸਿਨੇਮਾ ਦੀ ਵਿਰਾਸਤ ਬਾਰੇ ਗੱਲ ਕੀਤੀ। ਪੰਜਾਬੀ ਰੰਗ ਮੰਚ ਫਿਲਮਾਂ ਵਿੱਚ ਵੱਡੇ ਯੋਗਦਾਨ ਲਈ ਪਾਫਟਾ ਨੇ ਦਵਿੰਦਰ ਦਮਨ, ਸਰਬਜੀਤ ਕੌਰ ਕੋਕੇ ਵਾਲੀ, ਜਸਵਿੰਦਰ ਬਰਾੜ, ਬਲਵਿੰਦਰ ਵਿੱਕੀ, ਪ੍ਰਭ ਸ਼ਰਨ ਕੌਰ, ਜਤਿੰਦਰ ਸਾਈਂ ਰਾਜ, ਨਤਾਸ਼ਾ ਭਟੇਜਾ, ਸਮੀਤ ਰਿਨੌਤ, ਪ੍ਰਮੋਦ ਕੁਮਾਰ ਅਤੇ ਮਨੀਸ਼ ਸਾਹਨੀ ਦਾ ਸਨਮਾਨ ਵੀ ਕੀਤਾ ।
ਸੀਨੀਅਰ ਕਲਾਕਾਰ ਅਤੇ ਪ੍ਰੈਸ ਸਕੱਤਰ ਸ਼ਵਿੰਦਰ ਮਾਹਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਡਾ. ਰਣਜੀਤ ਸ਼ਰਮਾ, ਵਿਨੋਦ ਸ਼ਰਮਾ, ਬੌਬੀ ਘਈ, ਪਰਮਜੀਤ ਸਿੰਘ ਭੰਗੂ ਨੇ ਐਸੋਸੀਏਸ਼ਨ ਦੇ ਗਠਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਫਿਰ ਮਲਕੀਤ ਰੌਣੀ, ਬੀ. ਬੀ. ਵਰਮਾ ਅਤੇ ਜੇ.ਐਸ. ਚੀਮਾ ਨੇ ਇਸਨੂੰ ਸਿਖਰ 'ਤੇ ਪਹੁੰਚਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਇਸ ਮੌਕੇ ਪੰਜਾਬੀ ਸਿਨੇਮਾ ਦੇ ਮਸ਼ਹੂਰ ਕਲਾਕਾਰ ਜਿਵੇਂ ਕਿ ਸਰਦਾਰ ਸੋਹੀ, ਗੁਰਪ੍ਰੀਤ ਭੰਗੂ, ਰੁਪਿੰਦਰ ਰੂਪੀ, ਸੀਮਾ ਕੌਸ਼ਲ, ਰਾਜ ਧਾਲੀਵਾਲ, ਪੂਨਮ ਸੂਦ, ਬਨਿੰਦਰ ਬੰਨੀ ,ਦੀਦਾਰ ਗਿੱਲ,ਪੂਨਮ ਸੂਦ ,ਵਿਨੋਦ ਸ਼ਰਮਾ ਅਤੇ ਮੋਹਨ ਬੱਗਣ ਆਦਿ ਅੰਤ ਤੱਕ ਮੌਜੂਦ ਰਹੇ।