ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਕਿਹਾ ਕਿ ਰਾਜ 'ਚ ਵਕਫ਼ (ਸੋਧ) ਐਕਟ ਲਾਗੂ ਨਹੀਂ ਕੀਤਾ ਜਾਵੇਗਾ। ਕੋਲਕਾਤਾ 'ਚ ਜੈਨ ਭਾਈਚਾਰੇ ਦੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਬੈਨਰਜੀ ਨੇ ਕਿਹਾ ਕਿ ਉਹ ਘੱਟ ਗਿਣਤੀਆਂ ਦੀ ਅਤੇ ਉਨ੍ਹਾਂ ਦੀ ਜਾਇਦਾਦ ਦੀ ਰੱਖਿਆ ਕਰੇਗੀ। ਮੁੱਖ ਮੰਤਰੀ ਬੈਨਰਜੀ ਨੇ ਕਿਹਾ,''ਮੈਂ ਜਾਣਦੀ ਹਾਂ ਕਿ ਵਕਫ਼ ਐਕਟ ਦੇ ਲਾਗੂ ਹੋਣ ਨਾਲ ਤੁਸੀਂ ਦੁਖੀ ਹੋ। ਤੁਸੀਂ ਭਰੋਸਾ ਰੱਖੋ, ਬੰਗਾਲ 'ਚ ਅਜਿਹਾ ਕੁਝ ਨਹੀਂ ਹੋਵੇਗਾ।''
ਬੈਨਰਜੀ ਨੇ ਕਿਹਾ,''ਬੰਗਲਾਦੇਸ਼ ਦੀ ਸਥਿਤੀ ਦੇਖੋ। ਵਕਫ਼ ਬਿੱਲ ਨੂੰ ਅਜੇ ਪਾਸ ਨਹੀਂ ਕੀਤਾ ਜਾਣਾ ਚਾਹੀਦਾ ਸੀ।'' ਵਕਫ਼ (ਸੋਧ) ਬਿੱਲ ਵੀਰਵਾਰ ਨੂੰ ਲੋਕ ਸਭਾ ਵਲੋਂ ਪਾਸ ਕਰ ਦਿੱਤਾ ਗਿਆ ਸੀ, ਜਿੱਥੇ ਬੀਜੂ ਜਨਤਾ ਦਲ (ਬੀਜਦ) ਦਾ ਕੋਈ ਮੈਂਬਰ ਨਹੀਂ ਹੈ ਅਤੇ ਸੰਸਦ ਦੇ ਦੋਵਾਂ ਸਦਨਾਂ 'ਚ ਲੰਬੀ ਬਹਿਸ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਰਾਜ ਸਭਾ ਵਲੋਂ ਵੀ ਇਸ ਨੂੰ ਪਾਸ ਕਰ ਦਿੱਤਾ ਗਿਆ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼ਨੀਵਾਰ ਨੂੰ ਬਿੱਲ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ।