ਨਵੀਂ ਦਿੱਲੀ : ਜੇ ਤੁਸੀਂ ਤਲੇ-ਭੁੰਨੇ ਖਾਣ ਵਾਲੇ ਪਦਾਰਥ, ਤੰਦੂਰੀ ਖਾਣੇ ਅਤੇ ਜੰਕ ਫੂਡ ਦੇ ਸ਼ੌਕੀਨ ਹੋ, ਤਾਂ ਤੁਹਾਨੂੰ ਸਾਵਧਾਨ ਹੋਣ ਦੀ ਲੋੜ ਹੈ। ਇਹ ਸ਼ੌਕ ਲੰਮੀ ਮਿਆਦ ’ਚ ਪੇਟ ਦਾ ਕੈਂਸਰ ਜਾਂ ਕੋਲਨ ਕੈਂਸਰ ਦਾ ਕਾਰਨ ਬਣ ਸਕਦਾ ਹੈ। ਇਸ ਸ਼ੌਕ ਦੀ ਵਜ੍ਹਾ ਨਾਲ ਪੂਰੇ ਦੇਸ਼ ’ਚ ਹਰ ਸਾਲ ਲਗਭਗ 5 ਲੱਖ ਲੋਕ ਕੈਂਸਰ ਤੋਂ ਪੀੜਤ ਹੋ ਰਹੇ ਹਨ। ਇਹ ਜਾਣਕਾਰੀ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਗੈਸਟ੍ਰੋਐਂਟਰੋਲੋਜੀ ਵਿਭਾਗ ਦੀ ਮੁਖੀ ਡਾ. ਵੈਸ਼ਾਲੀ ਭਾਰਦਵਾਜ ਨੇ ਦਿੱਤੀ। ਡਾ. ਵੈਸ਼ਾਲੀ ਭਾਰਦਵਾਜ ਨੇ ਦੱਸਿਆ ਕਿ ਅੱਜਕੱਲ੍ਹ ਲੋਕ ਰਵਾਇਤੀ ਭਾਰਤੀ ਖਾਣੇ (ਮੋਟਾ ਅਨਾਜ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ) ਦੀ ਜਗ੍ਹਾ ਤਲੇ-ਭੁੰਨੇ, ਤੰਦੂਰੀ ਖਾਣਾ (ਪਨੀਰ, ਚਿਕਨ, ਮਟਨ) ਅਤੇ ਜੰਕ ਫੂਡ (ਬਰਗਰ, ਪੀਜਾ, ਪਾਸਤਾ) ਦਾ ਜੰਮ ਕੇ ਸੇਵਨ ਕਰ ਰਹੇ ਹਨ, ਜਿਸ ਕਾਰਨ ਗੈਸਟ੍ਰਿਕ ਕੈਂਸਰ ਅਤੇ ਕੋਲਨ ਕੈਂਸਰ ਦੇ ਮਾਮਲੇ ਲਗਾਤਾਰ ਵਧ ਰਹੇ ਹਨ।
ਦੋਵਾਂ ਬੀਮਾਰੀਆਂ ਦੇ ਲੱਛਣ, ਜੋਖਮ ਕਾਰਕ ਅਤੇ ਇਲਾਜ ’ਚ ਫਰਕ ਹੁੰਦਾ ਹੈ ਪਰ ਦੋਵੇਂ ਹੀ ਗੰਭੀਰ ਹੁੰਦੇ ਹਨ। ਇਨ੍ਹਾਂ ਬੀਮਾਰੀਆਂ ਦਾ ਛੇਤੀ ਪਤਾ ਲਾਉਣ ਅਤੇ ਇਲਾਜ ਸ਼ੁਰੂ ਕਰਨ ’ਤੇ ਮਰੀਜ਼ ਠੀਕ ਵੀ ਹੋ ਸਕਦੇ ਹਨ। ਪੇਟ ਦੇ ਕੈਂਸਰ ਦਾ ਪਤਾ ਲਾਉਣ ਲਈ ਐਂਡੋਸਕੋਪੀ, ਸੀ. ਟੀ. ਸਕੈਨ, ਐੱਮ. ਆਰ. ਆਈ., ਪੀ. ਈ. ਟੀ. ਸਕੈਨ ਅਤੇ ਖੂਨ ਦੀ ਜਾਂਚ ਵਰਗੇ ਕਈ ਤਰ੍ਹਾਂ ਦੇ ਟੈਸਟ ਕੀਤੇ ਜਾ ਸਕਦੇ ਹਨ ਪਰ ਐਂਡੋਸਕੋਪੀ ਪੇਟ ਦੇ ਕੈਂਸਰ ਦਾ ਪਤਾ ਲਾਉਣ ਦਾ ਸਭ ਤੋਂ ਆਮ ਟੈਸਟ ਹੈ।