ਚੰਡੀਗੜ/ਪੰਚਕੁਲਾ/ਮੋਹਾਲੀ,: ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਸਤਿਕਾਰਯੋਗ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੀ ਰਹਿਨੁਮਾਈ ਹੇਠ ਐਗਜ਼ੀਬਿਸ਼ਨ ਗਰਾਊਂਡ (ਗਲਾਡਾ), ਲੁਧਿਆਣਾ ਵਿਖੇ ਵਿਸ਼ਾਲ ਨਿਰੰਕਾਰੀ ਸੰਤ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੰਜਾਬ ਸਮੇਤ ਚੰਡੀਗੜ ਅਤੇ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਪਹੁੰਚ ਕੇ ਸਤਿਗੁਰੂ ਮਾਤਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਸਮਾਗਮ ਦੌਰਾਨ ਆਪਣੇ ਪ੍ਰਵਚਨਾਂ ਵਿੱਚ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਫਰਮਾਇਆ ਕਿ ਘਰ ਪਰਿਵਾਰ ਅਤੇ ਸਮਾਜ ਵਿੱਚ ਰਹਿ ਕੇ ਭਗਤੀ ਕਰਨੀ ਸੰਭਵ ਹੈ। ਅਧਿਆਤਮਿਕ ਵਿਕਾਸ ਦਾ ਵਿਸਥਾਰ ਕਰਕੇ ਹੀ ਘਰ ਅਤੇ ਸਮਾਜ ਵਿੱਚ ਪਰਉਪਕਾਰ ਦੇ ਗੁਣਾਂ ਨੂੰ ਵਧਾਇਆ ਜਾ ਸਕਦਾ ਹੈ। ਇਹ ਕੇਵਲ ਬ੍ਰਹਮਗਿਆਨ ਦੁਆਰਾ ਹੀ ਸੰਭਵ ਹੈ।
ਉਹਨਾਂ ਨੇ ਅੱਗੇ ਫਰਮਾਇਆ ਕਿ ਅਸੀਂ ਦੂਸਰਿਆਂ ਦੇ ਪ੍ਰਤੀ ਗਲਤ ਧਾਰਨਾਵਾਂ ਬਣਾ ਕੇ ਉਹਨਾਂ ਦੀ ਚਰਚਾ ਨਹੀਂ ਕਰਨੀ, ਇਸ ਨਾਲ ਨਿੰਦਿਆ ਵਰਗੇ ਅਵਗੁਣਾਂ ਨੂੰ ਵਾਧਾ ਮਿਲਦਾ ਹੈ। ਪਰ ਸੰਤ ਮਹਾਤਮਾ ਸਕਾਰਾਤਮਕ ਗੁਣਾਂ ਨੂੰ ਵਧਾ ਕੇ ਸਮਾਜ ਵਿੱਚ ਪਰਉਪਕਾਰ ਨੂੰ ਜੀਵਿਤ ਰੱਖਦੇ ਹਨ। ਪ੍ਰਭੂ ਪ੍ਰਮਾਤਮਾ ਨੇ ਇਹਨਾਂ ਗੁਣਾਂ ਨੂੰ ਅਪਣਾਉਣ ਦੇ ਲਈ ਵਿਵੇਕ ਅਤੇ ਬੁੱਧੀ ਪ੍ਰਦਾਨ ਕੀਤੀ ਹੈ। ਸਤਿਗੁਰੂ ਮਾਤਾ ਜੀ ਨੇ ਇੱਕ ਉਦਾਹਰਣ ਦੁਆਰਾ ਸਮਝਾਇਆ ਕਿ ਇੱਕ ਚਿੜ੍ਹੀ ਨੇ ਆਪਣਾ ਆਲ੍ਹਣਾ ਬਣਾਉਣ ਲਈ ਪਹਿਲੇ ਦਰੱਖਤ ਤੋਂ ਇਜ਼ਾਜਤ ਮੰਗੀ ਉਸਦੇ ਮਨ੍ਹਾ ਕਰਨ ਤੇ ਚਿੜ੍ਹੀ ਨੇ ਦੂਸਰੇ ਦਰੱਖਤ ਦੇ ਕਹਿਣ ਤੇ ਆਲ੍ਹਣਾ ਉਸ ਦਰੱਖਤ ਤੇ ਬਣਾ ਲਿਆ। ਕੁਝ ਦੇਰ ਬਾਅਦ ਤੂਫ਼ਾਨ ਆਉਣ ਦੇ ਕਾਰਣ ਪਹਿਲਾ ਦਰੱਖਤ ਡਿੱਗ ਪਿਆ। ਇਸ ’ਤੇ ਹੰਕਾਰ ਵਿੱਚ ਚੂਰ ਚਿੜ੍ਹੀ ਨੇ ਦਰੱਖਤ ਦੇ ਇਸ ਵਿਵਹਾਰ ਦੇ ਬਾਰੇ ਬਹੁਤ ਕੁਝ ਕਿਹਾ। ਇਸਦੇ ਜਵਾਬ ਦੇ ਵਿੱਚ ਦਰੱਖਤ ਨੇ ਕਿਹਾ ਕਿ ਉਹ ਜਾਣਦਾ ਸੀ ਕਿ ਉਸਦੇ ਹਾਲਾਤ ਨਾਜ਼ੁਕ ਹਨ। ਇਸ ਲਈ ਉਸਨੇ ਚਿੜ੍ਹੀ ਅਤੇ ਉਸਦੇ ਪਰਿਵਾਰ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਮਨ੍ਹਾ ਕੀਤਾ ਸੀ। ਇਹ ਉਦਾਹਰਣ ਸਮਝਾਉਂਦੀ ਹੈ ਕਿ ਕਿਸੇ ਦੇ ਪ੍ਰਤੀ ਕਦੇ ਕੁਝ ਵੀ ਧਾਰਨਾਵਾਂ ਨਹੀਂ ਬਣਾਉਣੀਆਂ ਚਾਹੀਦੀਆਂ। ਇਸ ਲਈ ਤੰਗ ਨਜ਼ਰੀਏ ਨੂੰ ਸਮਾਪਤ ਕਰਕੇ ਅਸੀਮ ਦੇ ਨਾਲ ਵਿਸਥਾਰ ਦੇ ਵੱਲ ਜੁੜਕੇ ਸਮਾਜ ਨੂੰ ਖੁਸ਼ਹਾਲ ਬਣਾਉਣਾ ਚਾਹੀਦਾ ਹੈ।
ਸਤਿਗੁਰੂ ਮਾਤਾ ਜੀ ਨੇ ਕਿਹਾ ਕਿ ਅਧਿਆਤਮਿਕਤਾ ਕਦੇ ਵੀ ਉਮਰ ਦੀ ਮੁਹਤਾਜ ਨਹੀਂ ਹੁੰਦੀ। ਪ੍ਰਮਾਤਮਾ ਦੀ ਜਾਣਕਾਰੀ ਕਿਸੇ ਵੀ ਉਮਰ ਵਿੱਚ ਪ੍ਰਾਪਤ ਕੀਤੀ ਜਾ ਸਕਦੀ ਹੈ। ਉਹਨਾਂ ਨੇ ਭਗਤ ਪ੍ਰਹਿਲਾਦ ਜੀ ਦੀ ਉਦਾਹਰਣ ਦਿੰਦੇ ਹੋਏ ਸਮਝਾਇਆ ਕਿ ਉਹਨਾਂ ਨੂੰ ਵੀ ਬ੍ਰਹਮਗਿਆਨ ਛੋਟੀ ਉਮਰ ਵਿੱਚ ਹੀ ਪ੍ਰਾਪਤ ਹੋਇਆ ਸੀ। ਇਸ ਲਈ ਹਰ ਕੋਈ ਪ੍ਰਮਾਤਮਾ ਦੀ ਜਾਣਕਾਰੀ ਉਮਰ ਦੇ ਕਿਸੇ ਵੀ ਪੜ੍ਹਾਅ ਵਿੱਚ ਪ੍ਰਾਪਤ ਕਰਕੇ ਆਪਣਾ ਜੀਵਨ ਸਫ਼ਲ ਕਰ ਸਕਦਾ ਹੈ।
ਸਤਿਗੁਰੂ ਮਾਤਾ ਜੀ ਨੇ ਕਿਹਾ ਕਿ ਸਾਨੂੰ ਸੰਸਾਰਿਕ ਰਿਸ਼ਤਿਆਂ ਨੂੰ ਨਿਭਾਉਂਦੇ ਹੋਏ ਵੀ ਭਗਤੀ ਭਰਿਆ ਜੀਵਣ ਜਿਉਣਾ ਚਾਹੀਦਾ ਹੈ। ਦੁਨਿਆਵੀ ਵਸਤੂਆਂ ਦਾ ਸਦਉਪਯੋਗ ਕਰਨ ਦੇ ਨਾਲ ਨਾਲ ਉਹਨਾਂ ਨਾਲ ਬਿਨ੍ਹਾਂ ਜੁੜੇ ਪ੍ਰਮਾਤਮਾ ਨਾਲ ਜੁੜਕੇ ਹੀ ਆਪਣਾ ਜੀਵਨ ਜਿਉਣਾ ਚਾਹੀਦਾ ਹੈ।
ਇਸ ਮੌਕੇ ਤੇ ਕਪੂਰਥਲਾ ਜੋਨ ਦੇ ਜੋਨਲ ਇੰਚਾਰਜ ਗੁਲਸ਼ਨ ਲਾਲ ਅਹੂਜਾ ਜੀ ਅਤੇ ਲੁਧਿਆਣਾ ਦੇ ਸੰਯੋਜਕ ਅਮਿਤ ਕੁੰਦਰਾ ਨੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੇ ਲੁਧਿਆਣਾ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਅਤੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਪ੍ਰਸਾਸ਼ਨ, ਪੁਲਿਸ ਪ੍ਰਸਾਸ਼ਨ ਸਮੇਤ ਸਾਰੇ ਵਿਭਾਗਾਂ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ।