ਨਵੀਂ ਦਿੱਲੀ : ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਚੇਅਰਮੈਨ ਅਰਵਿੰਦ ਕੇਜਰੀਵਾਲ ਦੀ ਬੇਟੀ ਹਰਸ਼ਿਤਾ ਕੇਜਰੀਵਾਲ ਦਾ ਵਿਆਹ 17 ਅਪ੍ਰੈਲ ਨੂੰ ਹੋਇਆ ਸੀ। ਹਰਸ਼ਿਤਾ ਨੇ ਆਪਣੇ ਕਾਲਜ ਸਾਥੀ ਸੰਭਵ ਜੈਨ ਨਾਲ ਵਿਆਹ ਰਚਾਇਆ। ਇਸ ਖਾਸ ਮੌਕੇ ਨੂੰ ਹੋਰ ਵੀ ਖਾਸ ਬਣਾਉਣ ਲਈ, ਅਰਵਿੰਦ ਕੇਜਰੀਵਾਲ ਨੇ ਮਸ਼ਹੂਰ ਗਾਇਕ ਮੀਕਾ ਸਿੰਘ ਨੂੰ ਵਿਆਹ ਵਿੱਚ ਸੱਦਾ ਦਿੱਤਾ ਸੀ।
ਮੀਕਾ ਸਿੰਘ ਨੇ ਆਪਣੀ ਆਵਾਜ਼ ਨਾਲ ਹਰਸ਼ਿਤਾ ਦੇ ਵਿਆਹ ਵਿੱਚ ਸਭ ਨੂੰ ਨੱਚਣ ਲਗਾ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਬੋਲੀ ਪਾਈ 'ਓ ਭੰਗੜਾ ਤਾਂ ਸੱਜਦਾ ਜੇ ਨੱਚੇ ਕੇਜਰੀਵਾਲ'। ਇਹ ਸੁਣਦੇ ਹੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਖੁਦ ਨੂੰ ਨੱਚਣ ਤੋਂ ਨਹੀਂ ਰੋਕ ਸਕੇ। ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, 'ਆਪ' ਨੇਤਾ ਮਨੀਸ਼ ਸਿਸੋਦੀਆ ਅਤੇ ਰਾਘਵ ਚੱਢਾ ਵੀ ਮੀਕਾ ਸਿੰਘ ਦੇ ਗੀਤਾਂ 'ਤੇ ਨੱਚਦੇ ਨਜ਼ਰ ਆਏ।
ਇਸ ਵਿਆਹ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਅਤੇ ਸੁਨੀਤਾ ਕੇਜਰੀਵਾਲ ਦਾ ਇੱਕ ਡਾਂਸ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਇਸ ਵੀਡੀਓ ਵਿੱਚ ਦੋਵੇਂ ਫਿਲਮ 'ਪੁਸ਼ਪਾ 2' ਦੇ ਗੀਤ 'ਤੇ ਡਾਂਸ ਕਰਦੇ ਦਿਖਾਈ ਦਿੱਤੇ ਸਨ। ਉਥੇ ਹੀ ਇਕ ਵੀਡੀਓ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਆਪਣੀ ਪਤਨੀ ਡਾ.ਗੁਰਪ੍ਰੀਤ ਕੌਰ ਨਾਲ ਸਟੇਜ 'ਤੇ ਭੰਗੜਾ ਕਰਦੇ ਨਜ਼ਰ ਆਏ ਸਨ।