ਬੈਂਕਾਕ : ਅਮਰੀਕਾ ਨੇ ਚੀਨ ’ਤੇ ਭਾਰੀ ਟੈਰਿਫ ਬੋਝ ਲਗਾ ਦਿੱਤਾ ਹੈ। ਹਾਲਾਂਕਿ ਚੀਨ ਦੀ ਅਾਰਥਿਕਤਾ ’ਤੇ ਇਸ ਦਾ ਅਸਰ ਨਜ਼ਰ ਨਹੀਂ ਆ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਚੀਨ ’ਤੇ 145 ਫੀਸਦੀ ਟੈਕਸ ਲਗਾਉਣ ਦੇ ਬਾਵਜੂਦ ਚੀਨ ਦੀ ਬਰਾਮਦ ’ਤੇ ਕੋਈ ਅਸਰ ਨਹੀਂ ਪਿਆ ਹੈ। ਮਾਰਚ ਮਹੀਨੇ ’ਚ ਚੀਨ ਦੀ ਬਰਾਮਦ ’ਚ ਸਾਲਾਨਾ ਆਧਾਰ ’ਤੇ 12.4 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਇਸੇ ਮਿਆਦ ’ਚ ਦਰਾਮਦ ’ਚ 4.3 ਫੀਸਦੀ ਦੀ ਕਮੀ ਆਈ ਹੈ। ਚੀਨ ਦੀ ਸਰਕਾਰ ਨੇ ਇਹ ਜਾਣਕਾਰੀ ਦਿੱਤੀ ਹੈ।
ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਾਰਥਿਕਤਾ ਚੀਨ ਦੀ ਬਰਾਮਦ 2025 ਦੇ ਪਹਿਲੇ ਤਿੰਨ (ਜਨਵਰੀ-ਮਾਰਚ) ਮਹੀਨਿਆਂ ’ਚ ਸਾਲਾਨਾ ਆਧਾਰ ’ਤੇ 5.8 ਫੀਸਦੀ ਵਧੀ ਹੈ, ਜਦ ਕਿ ਦਰਾਮਦ ਵਿਚ 7 ਫੀਸਦੀ ਦੀ ਗਿਰਾਵਟ ਆਈ ਹੈ। ਮਾਰਚ ਵਿਚ ਅਮਰੀਕਾ ਦੇ ਨਾਲ ਚੀਨ ਦਾ ਵਪਾਰ ਸਰਪਲੱਸ 27.6 ਅਰਬ ਡਾਲਰ ਰਿਹਾ, ਜਦ ਕਿ ਇਸਦੀ ਬਰਾਮਦ ’ਚ 4.5 ਫੀਸਦੀ ਦਾ ਵਾਧਾ ਹੋਇਆ। ਸਾਲ ਦੀ ਪਹਿਲੀ (ਜਨਵਰੀ-ਮਾਰਚ) ਤਿਮਾਹੀ ’ਚ ਅਮਰੀਕਾ ਨਾਲ ਚੀਨ ਦਾ ਵਪਾਰ ਸਰਪਲੱਸ 76.6 ਅਰਬ ਡਾਲਰ ਰਿਹਾ।
ਅਮਰੀਕਾ ਨੂੰ ਹੋ ਰਿਹਾ ਭਾਰੀ ਨੁਕਸਾਨ
ਚੀਨ ਦਾ ਅਮਰੀਕਾ ਨਾਲ ਵਪਾਰ ਸਰਪਲੱਸ ਵਧ ਰਿਹਾ ਹੈ ਤੇ ਅਮਰੀਕਾ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਕਾਰਨ ਅਮਰੀਕਾ ਨੇ ਚੀਨ '’ਤੇ ਭਾਰੀ ਟੈਕਸ ਲਗਾ ਦਿੱਤੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਵਪਾਰ ਨੀਤੀਆਂ ਵਿਚ ਹਾਲ ਹੀ ਵਿਚ ਕੀਤੇ ਗਏ ਸੋਧਾਂ ਦੇ ਮੁਤਾਬਕ, ਚੀਨ ਨੂੰ ਅਮਰੀਕਾ ਨੂੰ ਹੋਣ ਵਾਲੇ ਆਪਣੇ ਜ਼ਿਆਦਾਤਰ ਬਰਾਮਦ ’ਤੇ 145 ਫੀਸਦੀ ਡਿਊਟੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਸਟਮ ਪ੍ਰਸ਼ਾਸਨ ਦੇ ਬੁਲਾਰੇ ਨੇ ਕਿਹਾ ਕਿ ਚੀਨ ਇਕ ਗੁੰਝਲਦਾਰ ਅਤੇ ਗੰਭੀਰ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ, ਪਰ ਉਹ ਆਤਮ ਸਮਰਪਣ ਨਹੀਂ ਕਰੇਗਾ। ਉਨ੍ਹਾਂ ਨੇ ਚੀਨ ਦੇ ਵਿਭਿੰਨ ਨਿਰਯਾਤ ਵਿਕਲਪਾਂ ਅਤੇ ਵਿਸ਼ਾਲ ਘਰੇਲੂ ਬਾਜ਼ਾਰ ਵੱਲ ਇਸ਼ਾਰਾ ਕਰਦੇ ਹੋਏ ਇਹ ਗੱਲ ਕਹੀ।
ਇਲੈਕਟ੍ਰਾਨਿਕ ਸਮਾਨ ’ਤੇ ਦਿੱਤੀ ਗਈ ਰਾਹਤ
ਅਮਰੀਕਾ ਨੇ ਭਾਵੇਂ ਚੀਨ ’ਤੇ ਭਾਰੀ ਟੈਕਸ ਲਗਾਇਆ ਹੈ ਪਰ ਇਲੈਕਟ੍ਰਾਨਿਕ ਸਮਾਨ ’ਤੇ ਰਾਹਤ ਦਿੱਤੀ ਹੈ। ਅਮਰੀਕਾ ਦੇ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਚੀਨ ਤੋਂ ਆਈਫੋਨ, ਸਮਾਰਟਫੋਨ, ਟੈਬਲੇਟ, ਲੈਪਟਾਪ ਦੀ ਬਰਾਮਦ ’ਤੇ 20 ਫੀਸਦੀ ਟੈਕਸ ਲਗਾਇਆ ਹੈ। ਚੀਨ ਨੇ ਹੋਰ ਸਮਾਨ ’ਤੇ ਟੈਕਸ ਘਟਾਉਣ ਦੀ ਵੀ ਮੰਗ ਕੀਤੀ ਹੈ।
ਟਰੰੰਪ ਵੱਲੋਂ ਦੁਨੀਆ ਦੇ ਕਈ ਦੇਸ਼ਾਂ ’ਤੇ ਟੈਕਸ ਵਧਾਉਣ ਦੇ ਫੈਸਲੇ ਨੂੰ 90 ਦਿਨਾਂ ਲਈ ਟਾਲ ਦਿੱਤਾ ਗਿਆ ਹੈ। ਉਨ੍ਹਾਂ ਦੇਸ਼ਾਂ ’ਚ ਭਾਰਤ ਵੀ ਸ਼ਾਮਲ ਹੈ। ਹੁਣ ਭਾਰਤ ਟਰੰਪ ਨਾਲ ਵਪਾਰਕ ਗੱਲਬਾਤ ’ਚ ਰੁੱਝਿਆ ਹੋਇਆ ਹੈ। ਦੋਵਾਂ ਦੇਸ਼ਾਂ ਵਿਚਾਲੇ ਜਲਦੀ ਹੀ ਸਮਝੌਤਾ ਹੋਣ ਦੀ ਉਮੀਦ ਹੈ।