ਨਵੀਂ ਦਿੱਲੀ : ਜੰਮੂ-ਕਸ਼ਮੀਰ ਦੇ ਪਹਿਲਗਾਮ ਹਮਲੇ ਮਗਰੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਜੰਗ ਵੀ ਹੋ ਸਕਦੀ ਹੈ। ਪਹਿਲਗਾਮ ਹਮਲੇ ਮਗਰੋਂ ਕੁਝ ਵੱਡਾ ਹੋਣ ਦੀ ਚਰਚਾ ਤੇਜ਼ੀ ਹੋ ਗਈ ਹੈ। ਇਸ ਦਰਮਿਆਨ ਰੱਖਿਆ ਮੰਤਰੀ ਰਾਜਨਾਥ ਸਿੰਘ ਸੋਮਵਾਰ ਯਾਨੀ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਲਈ PM ਆਵਾਸ ਪਹੁੰਚੇ। ਰਾਜਨਾਥ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਾਜ਼ਾ ਹਾਲਾਤ ਬਾਰੇ ਅਪਡੇਟ ਦਿੱਤਾ ਹੈ। ਦੋਵਾਂ ਵਿਚਾਲੇ ਕਰੀਬ 40 ਮਿੰਟ ਤੱਕ ਬੈਠਕ ਹੋਈ। ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਖਿਲਾਫ਼ ਕੋਈ ਵੱਡਾ ਫ਼ੈਸਲਾ ਹੋ ਸਕਦਾ ਹੈ।
ਰਾਜਨਾਥ ਸਿੰਘ ਨੇ ਪ੍ਰਧਾਨ ਮੰਤਰੀ ਨਾਲ ਬੈਠਕ ਦੌਰਾਨ ਪਹਿਲਗਾਮ ਵਿਚ ਚੱਲ ਰਹੀ ਮੁਹਿੰਮ ਅਤੇ ਸਥਿਤੀ ਦੀ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਾਜਨਾਥ ਸਿੰਘ ਨੇ ਅੱਜ ਸਵੇਰੇ ਫ਼ੌਜ ਮੁਖੀ ਨੂੰ ਮਿਲਣ ਪਹੁੰਚੇ ਅਤੇ ਉਨ੍ਹਾਂ ਨੂੰ ਫ਼ੌਜੀ ਆਪ੍ਰੇਸ਼ਨ ਬਾਰੇ ਜਾਣਕਾਰੀ ਦਿੱਤੀ।
ਦਰਅਸਲ ਪਹਿਲਗਾਮ ਹਮਲੇ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਵੱਈਆ ਬੇਹੱਦ ਸਖ਼ਤ ਵੇਖਿਆ ਜਾ ਰਿਹਾ ਹੈ। ਜਿੱਥੇ ਇਕ ਪਾਸੇ ਭਾਰਤ ਨੇ ਸਿੰਧੂ ਜਲ ਸੰਧੀ ਸਮਝੌਤੇ ਨੂੰ ਮੁਅੱਤਲ ਕਰ ਦਿੱਤਾ ਹੈ, ਉੱਥੇ ਹੀ ਪੂਰੀ ਦੁਨੀਆ ਵਿਚ ਇਹ ਚਰਚਾ ਜ਼ੋਰ ਫੜ ਗਈ ਹੈ ਕਿ ਕੁਝ ਵੱਡਾ ਹੋਣ ਵਾਲਾ ਹੈ। ਭਾਰਤ, ਪਾਕਿਸਤਾਨ ਖਿਲਾਫ ਵੱਡਾ ਫੈਸਲਾ ਲੈ ਸਕਦਾ ਹੈ। ਦਿੱਲੀ ਤੋਂ ਲੈ ਕੇ ਬਾਰਡਰ ਤੱਕ ਹਾਈ ਅਲਰਟ ਵੇਖਣ ਨੂੰ ਮਿਲ ਰਿਹਾ ਹੈ।