ਨਵੀਂ ਦਿੱਲੀ : ਜੰਮੂ ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਮਗਰੋਂ ਭਾਰਤ ਸਰਕਾਰ ਨੇ ਵੱਡਾ ਐਕਸ਼ਨ ਲਿਆ ਹੈ। ਭਾਰਤ ਸਰਕਾਰ ਨੇ ਗ੍ਰਹਿ ਮੰਤਰਾਲਾ ਦੀ ਸਿਫ਼ਾਰਿਸ਼ 'ਤੇ 16 ਪਾਕਿਸਤਾਨੀ ਯੂ-ਟਿਊਬ ਚੈਨਲਾਂ 'ਤੇ ਬੈਨ ਲਗਾ ਦਿੱਤਾ ਹੈ। ਇਨ੍ਹਾਂ 'ਚ ਡੌਨ ਨਿਊਜ਼, ਸਮਾ ਟੀਵੀ, ਜਿਓ ਨਿਊਜ਼ ਆਦਿ ਵਰਗੇ ਵੱਡੇ ਚੈਨਲ ਸ਼ਾਮਲ ਹਨ। ਸਰਕਾਰੀ ਸੂਤਰਾਂ ਅਨੁਸਾਰ, ਇਹ ਪਾਕਿਸਤਾਨੀ ਯੂ-ਟਿਊਬ ਚੈਨਲ 'ਤੇ ਭਾਰਤ, ਭਾਰਤੀ ਫ਼ੌਜ ਅਤੇ ਸੁਰੱਖਿਆ ਏਜੰਸੀਆਂ ਖ਼ਿਲਾਫ਼ ਭੜਕਾਊ, ਫਿਰਕੂ, ਸੰਵੇਦਨਸ਼ੀਲ ਸਮੱਗਰੀ ਅਤੇ ਗਲਤ ਸੂਚਨਾ ਪ੍ਰਸਾਰਿਤ ਕਰਨ ਕਾਰਨ ਬਲਾਕ ਕੀਤੇ ਗਏ ਹਨ। ਉੱਥੇ ਹੀ ਸਰਕਾਰ ਨੇ ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ (ਬੀਬੀਸੀ) ਨੂੰ ਇਕ ਰਸਮੀ ਪੱਤਰ ਲਿਖਿਆ ਹੈ ਜਿਸ 'ਚ ਪਹਿਲਗਾਮ ਅੱਤਵਾਦੀ ਹਮਲੇ ਦੀ ਰਿਪੋਰਟਿੰਗ ਅਤੇ ਅੱਤਵਾਦੀਆਂ ਨੂੰ 'ਕੱਟੜਪੰਥੀ' ਕਹਿਣ 'ਤੇ ਭਾਰਤ ਦੀਆਂ ਸਖ਼ਤ ਭਾਵਨਾਵਾਂ ਤੋਂ ਜਾਣੂ ਕਰਵਾਇਆ ਹੈ। ਵਿਦੇਸ਼ ਮੰਤਰਾਲੇ ਦਾ ਬਾਹਰੀ ਪ੍ਰਚਾਰ ਵਿਭਾਗ ਬੀਬੀਸੀ ਦੀ ਰਿਪੋਰਟਿੰਗ ਦੀ ਨਿਗਰਾਨੀ ਕਰੇਗਾ।

ਦੱਸਣਯੋਗ ਹੈ ਕਿ ਜੰਮੂ ਅਤੇ ਕਸ਼ਮੀਰ ਦੇ ਪਹਿਲਗਾਮ 'ਚ 22 ਅਪ੍ਰੈਲ 2025 ਨੂੰ ਹੋਏ ਇਕ ਅੱਤਵਾਦੀ ਹਮਲੇ 'ਚ 26 ਲੋਕ ਮਾਰੇ ਗਏ ਸਨ। ਹਮਲੇ ਦੌਰਾਨ, ਅੱਤਵਾਦੀਆਂ ਨੇ ਸੈਲਾਨੀਆਂ ਤੋਂ ਉਨ੍ਹਾਂ ਦੇ ਧਰਮ ਬਾਰੇ ਪੁੱਛਿਆ ਅਤੇ ਫਿਰ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਦੇਸ਼ ਭਰ 'ਚ ਰੋਸ ਫੈਲ ਗਿਆ। ਬੈਸਰਨ ਘਾਟੀ, ਜਿਸ ਨੂੰ ਲੋਕ ਪਿਆਰ ਨਾਲ 'ਮਿੰਨੀ ਸਵਿਟਜ਼ਰਲੈਂਡ' ਕਹਿੰਦੇ ਹਨ, ਮੰਗਲਵਾਰ ਦੁਪਹਿਰ 2.30 ਵਜੇ ਅਚਾਨਕ ਗੋਲੀਬਾਰੀ ਦੀ ਆਵਾਜ਼ ਨਾਲ ਕੰਬ ਗਈ। ਪਹਾੜਾਂ ਦੀ ਗੋਦ 'ਚ ਵਸੇ ਇਸ ਸੁੰਦਰ ਸਥਾਨ 'ਤੇ ਪਹੁੰਚਣ ਵਾਲੇ ਸੈਲਾਨੀਆਂ ਨੇ ਸ਼ਾਇਦ ਹੀ ਸੋਚਿਆ ਹੋਵੇਗਾ ਕਿ ਉਨ੍ਹਾਂ ਦੀਆਂ ਛੁੱਟੀਆਂ ਦੀਆਂ ਤਸਵੀਰਾਂ ਕਿਸੇ ਕਾਲੀਆਂ ਖ਼ਬਰਾਂ ਦੀਆਂ ਸੁਰਖੀਆਂ 'ਚ ਬਦਲ ਜਾਣਗੀਆਂ।