ਜੰਮੂ : ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸੋਮਵਾਰ ਨੂੰ ਕਿਹਾ ਕਿ ਉਹ ਪਹਿਲਗਾਮ ਅੱਤਵਾਦੀ ਹਮਲੇ ਦਾ ਹਵਾਲਾ ਦੇ ਕੇ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਪੂਰਨ ਰਾਜ ਦਾ ਦਰਜਾ ਬਹਾਲ ਕਰਨ ਦੀ ਮੰਗ 'ਤੇ ਜ਼ੋਰ ਨਹੀਂ ਦੇਣਗੇ। ਪਹਿਲਗਾਮ ਅੱਤਵਾਦੀ ਹਮਲੇ ਦੀ ਨਿੰਦਾ ਕਰਦੇ ਹੋਏ ਵਿਧਾਨ ਸਭਾ 'ਚ ਪਾਸ ਕੀਤੇ ਗਏ ਮਤੇ 'ਤੇ ਚਰਚਾ ਦਾ ਜਵਾਬ ਦਿੰਦੇ ਹੋਏ, ਅਬਦੁੱਲਾ ਨੇ ਕਿਹਾ,"ਜੰਮੂ-ਕਸ਼ਮੀਰ 'ਚ ਸੁਰੱਖਿਆ ਦੀ ਜ਼ਿੰਮੇਵਾਰੀ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਚੁਣੀ ਹੋਈ ਸਰਕਾਰ ਦੀ ਨਹੀਂ ਹੈ ਪਰ ਮੈਂ ਇਸ ਮੌਕੇ ਦੀ ਵਰਤੋਂ ਪੂਰਨ ਰਾਜ ਦੀ ਮੰਗ ਕਰਨ ਲਈ ਨਹੀਂ ਕਰਾਂਗਾ। ਮੈਂ ਹੁਣ ਪੂਰਨ ਰਾਜ ਦੀ ਮੰਗ ਕਿਵੇਂ ਕਰ ਸਕਦਾ ਹਾਂ? ਮੈਂ ਸਸਤੀ ਰਾਜਨੀਤੀ 'ਚ ਵਿਸ਼ਵਾਸ ਨਹੀਂ ਰੱਖਦਾ। ਕੀ ਮੈਨੂੰ ਹੁਣ ਕੇਂਦਰ ਜਾ ਕੇ 26 ਲੋਕਾਂ ਦੀ ਮੌਤ ਦੀ ਪਰਵਾਹ ਕੀਤੇ ਬਿਨਾਂ ਪੂਰਨ ਰਾਜ ਦੀ ਮੰਗ ਕਰਨੀ ਚਾਹੀਦੀ ਹੈ?" ਉਹ ਪ੍ਰਸਤਾਵ 'ਤੇ ਚਰਚਾ ਦੌਰਾਨ ਕੁਝ ਮੈਂਬਰਾਂ ਦੇ ਬਿਆਨਾਂ ਦਾ ਜ਼ਿਕਰ ਕਰ ਰਹੇ ਸਨ, ਜਿਨ੍ਹਾਂ ਨੇ ਜੰਮੂ ਕਸ਼ਮੀਰ 'ਚ ਅੱਤਵਾਦ ਨੂੰ ਹਰਾਉਣ ਲਈ ਰਾਜ ਦਾ ਦਰਜਾ ਬਹਾਲ ਕਰਨ ਦੀ ਜ਼ਰੂਰਤ ਦੱਸੀ।
ਅਬਦੁੱਲਾ ਨੇ ਕਿਹਾ,''ਅਸੀਂ ਪਹਿਲੇ ਵੀ (ਕੇਂਦਰ ਸਰਕਾਰ ਨਾਲ) ਪੂਰਨ ਰਾਜ ਦੇ ਦਰਜੇ ਬਾਰੇ ਗੱਲ ਕੀਤੀ ਹੈ ਅਤੇ ਅਸੀਂ ਭਵਿੱਖ 'ਚ ਵੀ ਇਸ ਬਾਰੇ ਗੱਲ ਕਰਦੇ ਰਹਾਂਗੇ ਪਰ ਅਜੇ ਨਹੀਂ। ਇਸ ਸਮੇਂ ਅੱਤਵਾਦੀ ਹਮਲੇ ਦੀ ਨਿੰਦਾ ਕਰਨ ਅਤੇ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲੇ ਪਰਿਵਾਰਾਂ ਨਾਲ ਇਕਜੁਟਤਾ ਜ਼ਾਹਰ ਕਰਨ ਤੋਂ ਇਲਾਵਾ, ਕਿਸੇ ਗੱਲ 'ਤੇ ਰਾਜਨੀਤੀ ਨਹੀਂ ਹੋਵੇਗੀ।'' ਉਨ੍ਹਾਂ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਝੂਠੀਆਂ ਖ਼ਬਰਾਂ ਫੈਲਾਉਣ ਵਾਲੇ ਸੋਸ਼ਲ ਮੀਡੀਆ ਖਾਤਾਧਾਰਕਾਂ ਨੂੰ ਵੀ ਚਿਤਾਵਨੀ ਦਿੱਤੀ। ਅਬਦੁੱਲਾ ਨੇ ਕਿਹਾ,''90 ਫੀਸਦੀ ਲੋਕ ਸੱਚਾਈ ਦਾ ਸਾਥ ਦੇ ਰਹੇ ਹਨ, ਜਦੋਂ ਕਿ 10 ਫੀਸਦੀ ਲੋਕ ਅਜਿਹੇ ਹਨ, ਜੋ ਸੋਸ਼ਲ ਮੀਡੀਆ 'ਤੇ ਝੂਠ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮੈਂ ਉਨ੍ਹਾਂ ਨੂੰ ਤੁਰੰਤ ਅਜਿਹਾ ਕਰਨ ਤੋਂ ਬਚਣ ਦੀ ਚਿਤਾਵਨੀ ਦਿੰਦਾ ਹਾਂ, ਕਿਉਂਕਿ ਅਸੀਂ ਝੂਠ ਫੈਲਾਉਣਾ ਬਰਦਾਸ਼ਤ ਨਹੀਂ ਕਰਾਂਗੇ।'' ਉਨ੍ਹਾਂ ਕਿਹਾ,''ਜੇਕਰ ਮੈਂ ਇਸ ਸਮੇਂ ਕੇਂਦਰ ਕੋਲ ਜਾ ਕੇ ਰਾਜ ਦੇ ਦਰਜੇ ਦੀ ਮੰਗ ਕਰਦਾ ਹਾਂ ਤਾਂ ਮੈਨੂੰ ਸ਼ਰਮਿੰਦਗੀ ਹੋਵੇਗੀ।''