ਨਵੀਂ ਦਿੱਲੀ : ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਮੰਗਲਵਾਰ ਹਰਿਆਣਾ ਅਤੇ ਉੱਤਰ ਪ੍ਰਦੇਸ਼ ’ਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅੱਤਵਾਦੀ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਨਾਲ ਜੁੜੇ ਕਈ ਟਿਕਾਣਿਆਂ ’ਤੇ ਛਾਪੇ ਮਾਰੇ। ਪਿਛਲੇ ਸਾਲ ਦਸੰਬਰ ’ਚ ਗੁਰੂਗ੍ਰਾਮ ਦੇ ਸੈਕਟਰ 29 ’ਚ ਵੇਅਰਹਾਊਸ ਕਲੱਬ ਅਤੇ ਹਿਊਮਨ ਕਲੱਬ ਵਿਖੇ ਹੋਏ ਗ੍ਰੇਨੇਡ ਹਮਲਿਆਂ ਦੀ ਜਾਂਚ ਸਬੰਧੀ ਕੈਨੇਡਾ ਸਥਿਤ ਬਰਾੜ ਤੇ ਅਮਰੀਕਾ ਸਥਿਤ ਗੈਂਗਸਟਰ ਰਣਦੀਪ ਮਲਿਕ ਨਾਲ ਜੁੜੇ ਸ਼ੱਕੀ ਵਿਅਕਤੀਆਂ ਤੇ ਮੁਲਜ਼ਮਾਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ ਗਈ।
ਐੱਨ. ਆਈ. ਏ. ਵੱਲੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਮੰਗਲਵਾਰ ਸਵੇਰੇ ਦੋਵਾਂ ਸੂਬਿਆਂ ਦੇ ਵੱਖ-ਵੱਖ ਜ਼ਿਲਿਆਂ ’ਚ 8 ਥਾਵਾਂ ਦੀ ਲਈ ਗਈ ਤਲਾਸ਼ੀ ਦੌਰਾਨ ਕਈ ਇਲੈਕਟ੍ਰਾਨਿਕ ਉਪਕਰਣ ਤੇ ਹੋਰ ਸਮੱਗਰੀ ਬਰਾਮਦ ਕੀਤੀ ਗਈ। ਬਿਆਨ ਅਨੁਸਾਰ ਬੰਬ ਧਮਾਕੇ ਦੀ ਘਟਨਾ ਦੇ ਪਿੱਛੇ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਐੱਨ. ਆਈ. ਏ. ਵੱਲੋਂ ਬਰਾਮਦ ਸਮੱਗਰੀ ਦੀ ਜਾਂਚ ਕੀਤੀ ਜਾ ਰਹੀ ਹੈ। ਹਮਲਿਆਂ ਤੋਂ ਤੁਰੰਤ ਬਾਅਦ ਗੈਂਗਸਟਰ ਰੋਹਿਤ ਨੇ ਇਕ ਸੋਸ਼ਲ ਮੀਡੀਆ ਪੋਸਟ ਰਾਹੀਂ ਜ਼ਿੰਮੇਵਾਰੀ ਲਈ ਸੀ।