ਨਵੀਂ ਦਿੱਲੀ : ਦਿੱਲੀ ਸਰਕਾਰ ਨੇ ਸੋਮਵਾਰ ਨੂੰ 'ਆਯੁਸ਼ਮਾਨ ਵਯ ਵੰਦਨਾ' ਯੋਜਨਾ ਸ਼ੁਰੂ ਕੀਤੀ, ਜਿਸ ਦੇ ਤਹਿਤ ਰਾਸ਼ਟਰੀ ਰਾਜਧਾਨੀ ਦੇ 70 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਸਿਹਤ ਸੰਭਾਲ ਇਲਾਜ ਮੁਹੱਈਆ ਕਰਵਾਇਆ ਜਾਵੇਗਾ। ਮੁੱਖ ਮੰਤਰੀ ਰੇਖਾ ਗੁਪਤਾ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਰਾਸ਼ਟਰੀ ਰਾਜਧਾਨੀ 'ਚ ਇਕ ਪ੍ਰੋਗਰਾਮ 'ਚ ਲਾਭਪਾਤਰੀਆਂ ਨੂੰ ਪਹਿਲਾ 'ਵਯ ਵੰਦਨਾ ਕਾਰਡ' ਵੰਡਿਆ। ਇਸ ਯੋਜਨਾ ਤਹਿਤ, ਪ੍ਰਤੀ ਸਾਲ 5 ਲੱਖ ਰੁਪਏ ਦੀ ਡਾਕਟਰੀ ਸਹਾਇਤਾ ਮੁਫ਼ਤ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਦਿੱਲੀ ਸਰਕਾਰ ਦੀ ਯੋਜਨਾ ਤਹਿਤ 5 ਲੱਖ ਰੁਪਏ ਦਾ ਬੀਮਾ ਕਵਰ ਦਿੱਤਾ ਜਾਵੇਗਾ, ਜਿਸ ਨਾਲ ਕੁੱਲ ਸਿਹਤ ਬੀਮਾ ਕਵਰ ਦਾ ਦਾਇਰਾ ਵੱਧ ਕੇ 10 ਲੱਖ ਰੁਪਏ ਹੋ ਜਾਵੇਗਾ।
'ਵਯ ਵੰਦਨਾ ਯੋਜਨਾ' ਦੇ ਅਧੀਨ ਹਰੇਕ ਰਜਿਸਟਰਡ ਸੀਨੀਅਰ ਨਾਗਰਿਕ ਨੂੰ ਵਿਸ਼ੇਸ਼ ਸਿਹਤ ਕਾਰਡ ਪ੍ਰਦਾਨ ਕੀਤਾ ਜਾਵੇਗਾ। ਇਸ ਕਾਰਡ 'ਚ ਉਨ੍ਹਾਂ ਦਾ ਪੂਰਾ ਸਿਹਤ ਰਿਕਾਰਡ, ਨਿਯਮਿਤ ਸਿਹਤ ਜਾਂਚ ਦੀ ਜਾਣਕਾਰੀ ਅਤੇ ਐਮਰਜੈਂਸੀ ਸੇਵਾ ਦਾ ਵੇਰਵਾ ਸੁਰੱਖਿਅਤ ਰੂਪ ਨਾਲ ਇਕੱਠਾ ਕੀਤਾ ਜਾਵੇਗਾ। ਇਸ ਯੋਜਨਾ ਦੇ ਅਧੀਨ ਦਿੱਲੀ 'ਚ 70 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਨਾਗਰਿਕਾਂ ਲਈ ਸਾਰੇ ਸਿਹਤ ਟੈਸਟ ਪੂਰੀ ਤਰ੍ਹਾਂ ਨਾਲ ਮੁਫ਼ਤ ਕੀਤੇ ਜਾਣਗੇ। ਮੁੱਖ ਮੰਤਰੀ ਰੇਖਾ ਗੁਪਤਾ ਨੇ ਇਸ ਤੋਂ ਪਹਿਲਾਂ 'ਐਕਸ' 'ਤੇ ਪੋਸਟ ਕੀਤਾ ਸੀ,''ਬਜ਼ੁਰਗਾਂ ਦੀ ਸੇਵਾ ਕਰਨਾ ਸਾਡੀ ਸਰਵਉੱਚ ਪਹਿਲ ਹੈ। ਹੁਣ, ਕੇਂਦਰ ਅਤੇ ਦਿੱਲੀ ਸਰਕਾਰਾਂ ਮਿਲ ਕੇ 70 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕਾਂ ਨੂੰ 10 ਲੱਖ ਰੁਪਏ ਦਾ ਸਿਹਤ ਕਵਰੇਜ ਪ੍ਰਦਾਨ ਕਰ ਰਹੀਆਂ ਹਨ। ਆਪਣੇ ਅਜ਼ੀਜ਼ਾਂ ਦੀ ਸਿਹਤ ਨੂੰ ਸੁਰੱਖਿਅਤ ਕਰੋ। ਅੱਜ ਹੀ 'ਆਯੂਸ਼ਮਾਨ ਵਯ ਵੰਦਨਾ' ਕਾਰਡ ਪ੍ਰਾਪਤ ਕਰੋ।''