ਕੋਲਕਾਤਾ : ਗਲਤੀ ਨਾਲ ਕੌਮਾਂਤਰੀ ਸਰਹੱਦ ਪਾਰ ਕਰਨ ਮਗਰੋਂ ਪਾਕਿਸਤਾਨ ਰੇਂਜਰਸ ਵਲੋਂ ਸਰਹੱਦ ਸੁਰੱਖਿਆ ਫੋਰਸ (BSF) ਦੇ ਜਵਾਨ ਪੀ. ਕੇ. ਸਾਹੂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਸਾਹੂ ਦੀ ਗਰਭਵਤੀ ਪਤਨੀ ਆਪਣੇ ਪਤੀ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਬਾਰੇ ਫੋਰਸ ਦੇ ਸੀਨੀਅਰ ਅਧਿਕਾਰੀਆਂ ਤੋਂ ਜਾਣਕਾਰੀ ਲੈਣ ਲਈ ਪੱਛਮੀ ਬੰਗਾਲ ਦੇ ਰਿਸੜਾ ਸਥਿਤ ਆਪਣੇ ਘਰ ਤੋਂ ਸੋਮਵਾਰ ਨੂੰ ਪੰਜਾਬ ਦੇ ਫਿਰੋਜ਼ਪੁਰ ਲਈ ਰਵਾਨਾ ਹੋਈ। ਰਜਨੀ ਨੇ ਕਿਹਾ ਕਿ ਜੇਕਰ BSF ਕੈਂਪ ਦੇ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੂੰ ਕੋਈ ਤਸੱਲੀਬਖ਼ਸ਼ ਜਾਣਕਾਰੀ ਨਹੀਂ ਮਿਲੀ ਤਾਂ ਉਹ ਕੇਂਦਰੀ ਗ੍ਰਹਿ ਮੰਤਰਾਲਾ ਅਤੇ ਹੋਰ ਸਰਕਾਰੀ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਲਈ ਫਿਰੋਜ਼ਪੁਰ ਤੋਂ ਦਿੱਲੀ ਜਾਵੇਗੀ।
ਰਜਨੀ ਨੇ ਕਿਹਾ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਮੈਂ ਕਿੰਨੇ ਤਣਾਅ ਵਿਚ ਹੈ, ਕਿਉਂਕਿ BSF ਅਧਿਕਾਰੀ ਮੈਨੂੰ ਸਿਰਫ਼ ਚਿੰਤਾ ਨਾ ਕਰਨ ਲਈ ਕਹਿ ਰਹੇ ਹਨ। ਮੈਂ ਬਹੁਤ ਚਿੰਤਤ ਹਾਂ, ਇਸ ਲਈ ਮੈਂ ਇਸ ਸਥਿਤੀ ਦੇ ਬਾਵਜੂਦ ਯਾਤਰਾ ਦੀ ਯੋਜਨਾ ਬਣਾਈ। ਮੈਂ ਕੱਲ੍ਹ ਹੀ ਚੰਡੀਗੜ੍ਹ ਲਈ ਜਹਾਜ਼ ਦੀ ਟਿਕਟ ਬੁੱਕ ਕਰਵਾਈ ਲਈ ਸੀ। ਉੱਥੋਂ ਮੈਂ ਫਿਰੋਜ਼ਪੁਰ ਜਾਵਾਂਗੀ। ਮੇਰਾ ਪੁੱਤਰ ਅਤੇ ਤਿੰਨ ਹੋਰ ਰਿਸ਼ਤੇਦਾਰ ਮੇਰੇ ਨਾਲ ਹੋਣਗੇ। ਓਧਰ ਸਾਹੂ ਦੀ ਮਾਂ ਨੇ ਕਿਹਾ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਮੈਂ ਕਿੰਨੀ ਚਿੰਤਤ ਹਾਂ। ਮੈਂ BSF ਅਧਿਕਾਰੀਆਂ ਨੂੰ ਬੇਨਤੀ ਕਰ ਰਹੀ ਹਾਂ ਕਿ ਮੇਰੇ ਪੁੱਤਰ ਨੂੰ ਵਾਪਸ ਲਿਆਂਦਾ ਜਾਵੇ।
ਪਾਕਿਸਤਾਨੀ ਰੇਂਜਰਸ ਨੇ ਕਿਉਂ ਕੀਤਾ ਸਾਹੂ ਨੂੰ ਗ੍ਰਿਫ਼ਤਾਰ?
BSF ਅਧਿਕਾਰੀਆਂ ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਸਾਹੂ ਸਰਹੱਦ ਕੋਲ ਕਿਸਾਨਾਂ ਦੇ ਇਕ ਸਮੂਹ ਦੀ ਰਾਖੀ ਲਈ ਉਨ੍ਹਾਂ ਨਾਲ ਸੀ। ਉਨ੍ਹਾਂ ਨੇ ਦੱਸਿਆ ਕਿ ਸਾਹੂ ਇਕ ਦਰੱਖ਼ਤ ਹੇਠਾਂ ਆਰਾਮ ਕਰਨ ਲਈ ਚੱਲਾ ਗਿਆ ਅਤੇ ਗਲਤੀ ਨਾਲ ਪਾਕਿਸਤਾਨੀ ਖੇਤਰ ਵਿਚ ਦਾਖ਼ਲ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਪਾਕਿਸਤਾਨ ਰੇਂਜਰਸ ਨੇ ਤੁਰੰਤ ਹਿਰਾਸਤ ਵਿਚ ਲੈ ਲਿਆ। ਸਾਹੂ ਪੰਜਾਬ ਦੇ ਫਿਰੋਜ਼ਪੁਰ ਸਰਹੱਦ 'ਤੇ ਬੀਐਸਐਫ ਦੀ 182ਵੀਂ ਬਟਾਲੀਅਨ 'ਚ ਤਾਇਨਾਤ ਸੀ। ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਅਤੇ ਪਾਕਿਸਤਾਨੀ ਸਰਹੱਦੀ ਬਲਾਂ ਨੇ ਵੀਰਵਾਰ ਰਾਤ ਨੂੰ ਸਾਹੂ ਦੀ ਰਿਹਾਈ ਬਾਰੇ ਚਰਚਾ ਕਰਨ ਲਈ ਇਕ "ਫਲੈਗ ਮੀਟਿੰਗ" ਕੀਤੀ ਪਰ ਉਸ ਦੇ ਪਰਿਵਾਰ ਨੂੰ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ।