ਖਰੜ (ਪ੍ਰੀਤ ਪੱਤੀ) : ਪੰਜਾਬ ਦੇ ਸ਼ਹਿਰ ਖਰੜ ਦੇ ਪਵਿੱਤਰ ਤੇ ਪਾਵਨ ਅੱਜ ਸਰੋਵਰ ਦੇ ਨਵੀਨੀਂਕਰਨ ਤੇ ਪੁਨਰ ਨਿਰਮਾਣ, ਸ੍ਰੀ ਰਾਮ ਮੰਦਿਰ ਦੇ ਨਿਰਮਾਣ ਤੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਘੁੜਾਮ ’ਚ ਬਣੇ ਮਾਤਾ ਕੁਸ਼ੱਲਿਆ ਦੇਵੀ ਦੇ ਮੰਦਿਰ ਦੇ ਨਵੀਂਨੀਕਰਨ ਦੇ ਸਬੰਧ ’ਚ ਸੰਸਦ ਮੈਂਬਰ ਰਾਜ ਸਭਾ ਸਤਨਾਮ ਸਿੰਘ ਸੰਧੂ ਨੇ ਕੇਂਦਰੀ ਸੈਰ ਸਪਾਟਾ ਤੇ ਸੱਭਿਆਚਾਰਕ ਮੰਤਰਾਲੇ ਦੇ ਮੰਤਰੀ ਗਜੇਂਦਰ ਸ਼ੇਖਾਵਤ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਤੇ ਦੇਸ਼ ਭਰ ਦੇ ਲੋਕਾਂ ਲਈ ਸਭ ਤੋਂ ਜ਼ਿਆਦਾ ਧਾਰਮਿਕ ਤੇ ਸੱਭਿਆਚਾਰਕ ਵਿਰਾਸਤ ਅਹਿਮੀਅਤ ਰੱਖਦੀ ਹੈ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਭਗਵਾਨ ਸ੍ਰੀ ਰਾਮ ਦਾ ਜੀਵਨ ਸਿਰਫ਼ ਆਯੋਧਿਆ ਤੱਕ ਹੀ ਸੀਮਿਤ ਨਹੀਂ ਸੀ, ਉਨ੍ਹਾਂ ਦਾ ਦਿਵਯ ਪ੍ਰਭਾਵ ਪੂਰੇ ਦੇਸ਼ ਤੇ ਉਸ ਤੋਂ ਵੀ ਪਰੇ ਤੱਕ ਫੈਲਿਆ ਹੋਇਆ ਹੈ। ਇਸ ਲਈ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਦੇਖਦੇ ਹੋਏ ਮੇਰੀ ਮੰਗ ਹੈ ਕਿ ਖਰੜ ਦੇ ਅੱਜ ਸਰੋਵਰ, ਸ੍ਰੀ ਰਾਮ ਮੰਦਿਰ ਤੇ ਪਟਿਆਲਾ ਦੇ ਪਿੰਡ ਘੁੜਾਮ ਦੇ ਮਾਤਾ ਕੁਸ਼ੱਲਿਆ ਦੇ ਦੇਵੀ ਦੇ ਮੰਦਿਰ ਦੇ ਨਵੀਂਨੀਕਰਨ, ਨਿਰਮਾਣ ਤੇ ਪੁਨਰ ਵਿਕਾਸ ਕੀਤਾ ਜਾਵੇ। ਇਸ ਸਬੰਧੀ ਚਰਚਾ ਕਰਦੇ ਹੋਏ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ।
ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਅੱਗੇ ਦਸਿਆ ਕਿ ਪੰਜਾਬ ਦੀ ਪਵਿੱਤਰ ਨੇ ਧਰਤੀ ਭਗਵਾਨ ਸ਼੍ਰੀ ਰਾਮ ਤੇ ਉਨ੍ਹਾਂ ਦੇ ਪਰਿਵਾਰ ਦੀਆਂ ਯਾਦਾਂ ਨੂੰ ਸਾਂਭ ਕੇ ਰੱਖਿਆ ਹੋਇਆ। ਇਸ ਵਿਚ ਅੰਮਿ੍ਤਸਰ ਦਾ ਸ਼੍ਰੀ ਰਾਮ ਤੀਰਥ ਮੰਦਿਰ, ਪਟਿਆਲਾ ਦੇ ਘੁੜਾਮ ਪਿੰਡ ਦੇ ਇਤਿਹਾਸਕ ਮਾਤਾ ਕੁਸ਼ੱਲਿਆ ਦੇਵੀ ਮੰਦਿਰ ਤੇ ਖਰੜ ਦਾ ਅੱਜ ਸਰੋਵਰ ਪੰਜਾਬ ਵਿਚ ਭਗਵਾਨ ਸ੍ਰੀ ਰਾਮ ਅਤੇ ਉਨ੍ਹਾਂ ਦੇ ਵੰਸ਼ਜ਼ਾਂ ਨਾਲ ਜੁੜੇ ਸਭ ਤੋਂ ਪੂਜਨੀਕ ਸਥਾਨ ਹਨ। ਹਾਲਾਂਕਿ ਉਨ੍ਹਾਂ ਦੇ ਸਭ ਤੋਂ ਜ਼ਿਆਦਾ ਧਾਰਮਿਕ ਮਹੱਤਤਾ ਦੇ ਬਾਵਜੂਦ ਇਨ੍ਹਾਂ ਸਥਾਨਾਂ, ਖਾਸ ਕਰ ਕੇ ਖਰੜ ਦੇ ਅੱਜ ਸਰੋਵਰ, ਸ੍ਰੀ ਰਾਮ ਮੰਦਿਰ ਤੇ ਘੁੜਾਮ ਦੇ ਮਾਤਾ ਕੁਸ਼ੱਲਿਆ ਮੰਦਿਰ ਦੀ ਵਰਤਮਾਨ ਸਥਿਤੀ ਸੱਚਾਈ ਕੋਹਾਂ ਦੂਰ ਹੈ। ਖਰੜ ਸਥਿਤ ਭਗਵਾਨ ਸ੍ਰੀ ਰਾਮ ਜੀ ਦੇ ਦਾਦਾ ਰਾਜਾ ਅੱਜ ਨੂੰ ਸਮਰਪਿਤ ਰਾਮ ਮੰਦਿਰ ਦੇਸ਼ ਵਿਚ ਉਨ੍ਹਾਂ ਨੂੰ ਸਮਰਪਿਤ ਇੱਕਲੌਤਾ ਮੰਦਿਰ ਹੈ। ਉਥੇ ਹੀ ਅੱਜ ਸਰੋਵਰ ਦੀ ਆਪਣੀ ਇੱਕ ਧਾਰਮਿਕ ਮਹੱਤਤਾ ਹੈ। ਦੋਵੇਂ ਪਵਿੱਤਰ ਧਾਰਮਿਕ ਸਥਾਨਾਂ ਨੇ ਭਗਵਾਨ ਸ਼੍ਰੀ ਰਾਮ ਜੀ ਦੀ ਪਵਿੱਤਰ ਵਿਰਾਸਤ ਨੂੰ ਗਹਿਰਾਈ ਨਾਲ ਜੋੜਿਆ ਹੋਇਆ ਹੈ, ਜਿਨ੍ਹਾਂ ਦੀ ਪੰਜਾਬ ਵਿਚ ਮੌਜੂਦਗੀ ਅਮਰ ਹੈ। ਸਦੀਆਂ ਤੋਂ ਇਸ ਭੂਮੀ ’ਤੇ ਭਗਵਾਨ ਸ਼੍ਰੀ ਰਾਮ ਨਾਲ ਭਗਤਾਂ ਨੂੰ ਜੋੜਿਆ ਹੋਇਆ ਹੈ ਅਤੇ ਇਹ ਸਥਾਨ ਹਜ਼ਾਰਾਂ ਭਗਤਾਂ ਲਈ ਪ੍ਰਮੁੱਖ ਤੀਰਥ ਸਥਾਨਾਂ ਵਿਚੋਂ ਇੱਕ ਹੈ।
ਸੰਸਦ ਮੈਂਬਰ ਰਾਜ ਸਭਾ ਸਤਨਾਮ ਸਿੰਘ ਸੰਧੂ ਨੇ ਅੱਗੇ ਕਿਹਾ ਕਿ ਪਟਿਆਲਾ ਦੇ ਪਿੰਡ ਘੁੜਾਮ ਦੀ ਵੀ ਬਹੁਤ ਵੱਡੀ ਇਤਿਹਾਸਕ ਤੇ ਧਾਰਮਿਕ ਮਹੱਤਤਾ ਰਹੀ ਹੈ, ਜਿਸਦਾ ਭਗਵਾਨ ਸ਼੍ਰੀ ਰਾਮ ਦੇ ਨਾਲ ਗਹਿਰਾ ਸਬੰਧ ਰਿਹਾ ਹੈ। ਮਾਤਾ ਕੁਸ਼ੱਲਿਆ ਦੇ ਵਿਆਹ ਨਾਲ ਸਬੰਧਤ ਇਸ ਪਵਿੱਤਰ ਸਥਾਨ ਤੇ ਉਨ੍ਹਾਂ ਦੇ ਨਾਮ ’ਤੇ ਮੰਦਿਰ ਤੇ ਚਾਰ ਬਾਉਲੀਆਂ ਵੀ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਨੇ ਬਰਾਤੀਆਂ ਦੀ ਸਹੂਲਤ ਲਈ ਬਣਵਾਇਆ ਸੀ। ਇਸ ਤੋਂ ਇਲਾਵਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਸ ਖੇਤਰ ਯਾਤਰਾ ਦੇ ਨਾਲ ਜੁੜਿਆ ਪ੍ਰਸਿੱਧ ਗੁਰਦੁਆਰਾ ਮਿਲਨ ਸਾਹਿਬ ਵੀ ਹੈ। ਇਸੇ ਸਥਾਨ ’ਤੇ ਭਗਵਾਨ ਸ੍ਰੀ ਰਾਮ ਦੀ ਮੌਜੂਦਗੀ ਨੂੰ ਵੀ ਮਹਿਸੂਸ ਕੀਤਾ ਜਾ ਸਕਦਾ ਹੈ, ਇਸ ਲਈ ਘੁੜਾਮ ਦੀ ਅਧਿਆਤਮਕ ਤੇ ਧਾਰਮਿਕ ਮਹੱਤਤਾ ਬਹੁਤ ਵੱਧ ਹੈ।ਮੌਜੂਦਾ ਸਮੇਂ ਪਿੰਡ ਘੁੜਾਮ ਦੇ ਲੋਕ ਹੀ ਮਾਤਾ ਕੁਸ਼ੱਲਿਆ ਦੇਵੀ ਦੇ ਮੰਦਿਰ ਦੀ ਸਾਂਭ ਸੰਭਾਲ ਕਰ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਇਨ੍ਹਾਂ ਧਾਰਮਿਕ ਸਥਾਨਾਂ ਦੀ ਮਹੱਤਤਾ ਨੂੰ ਦੇਖਦੇ ਹੋਏ ਜਲਦ ਤੋਂ ਜਲਦ ਇਨ੍ਹਾਂ ਦਾ ਨਵੀਨੀਂਕਰਨ, ਪੁਨਰ ਵਿਕਾਸ ਤੇ ਕਾਇਆਕਲਪ ਕੀਤੀ ਜਾਵੇ, ਜਿਸ ਨਾਲ ਇਥੇ ਆਉਣ ਜਾਣ ਵਾਲੇ ਤੀਰਥ ਯਾਤਰੀਆਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਤੇ ਸੈਰ ਸਪਾਟੇ ਦੀਆਂ ਗਤੀਵਿਧੀਆਂ ਵਧਣ ਦੇ ਨਾਲ ਇਥੇ ਦਾ ਆਰਥਿਕ ਵਿਕਾਸ ਵੀ ਹੋ ਸਕੇ।
ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਇਸ ਵੇਲੇ ਪੰਜਾਬ ਦੇ ਖਰੜ ਵਿੱਚ ਸ਼ਰਧਾਲੂ ਅੱਜ ਸਰੋਵਰ ਅਤੇ ਰਾਮ ਮੰਦਰ ਦੀ ਦੇਖਭਾਲ ਕਰ ਰਹੇ ਹਨ। ਇਨ੍ਹਾਂ ਪਵਿੱਤਰ ਸਥਾਨਾਂ ਦੇ ਨਿਰਮਾਣ ਦੀ ਜ਼ਮੀਨ ਦਾ ਅਧਿਕਾਰ ਖੇਤਰ ਕੇਂਦਰ ਸਰਕਾਰ ਕੋਲ ਹੈ। ਇਸ ਲਈ, ਇਨ੍ਹਾਂ ਸਥਾਨਾਂ ਦੀ ਮਹੱਤਤਾ ਨੂੰ ਦੇਖਦੇ ਹੋਏ, ਮੈਨੂੰ ਭਰੋਸਾ ਹੈ ਕਿ ਇਨ੍ਹਾਂ ਦੇ ਨਿਰਮਾਣ ਤੇ ਪੁਨਰਨਿਰਮਾਣ ਨਾਲ ਨਾ ਸਿਰਫ ਆਉਣ ਵਾਲੇ ਸ਼ਰਧਾਲੂਆਂ ਨੂੰ ਲਾਭ ਹੋਵੇਗਾ ਬਲਕਿ ਪੰਜਾਬ ਵਿੱਚ ਧਾਰਮਿਕ ਸੈਰ-ਸਪਾਟੇ ਦੇ ਵਿਕਾਸ ਵਿੱਚ ਵੀ ਯੋਗਦਾਨ ਪਵੇਗਾ। ਅੰਮਿ੍ਤਸਰ ਤੋਂ ਖਰੜ ਤੱਕ ਫੈਲੇ ਤੀਰਥ ਯਾਤਰਾ ਸਰਕਟ ਅਧੀਨ ਇਨ੍ਹਾਂ ਸਥਾਨਾਂ ਦੇ ਵਿਕਾਸ ਨਾਲ ਇਸ ਖੇਤਰ ਵਿੱਚ ਸੈਰ-ਸਪਾਟੇ ਨੂੰ ਭਰਵਾਂ ਹੁੰਗਾਰਾ ਮਿਲੇਗਾ ਅਤੇ ਪੰਜਾਬ ਦੀ ਅਮੀਰ ਸੱਭਿਆਚਾਰਕ ਅਤੇ ਅਧਿਆਤਮਕ ਵਿਰਾਸਤ ਬਾਰੇ ਸਥਾਨਕ ਅਤੇ ਦੁਨੀਆ ਭਰ ਲੋਕਾਂ ’ਚ ਜਾਗਰੂਕਤਾ ਵੀ ਵਧੇਗੀ।
ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਦੀ ਸ਼ਲਾਘਾ ਕਰਦੇ ਹੋਏ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ’ਚ ਭਾਰਤ ਨੇ ਸੱਭਿਆਚਾਰਕ ਅਤੇ ਧਾਰਮਿਕ ਵਿਰਾਸਤ ਨੂੰ ਉਤਸ਼ਾਹਿਤ ਕਰਨ ਵਿੱਚ ਅਸਧਾਰਣ ਪ੍ਰਗਤੀ ਕੀਤੀ ਹੈ। ਅਯੁੱਧਿਆ ਵਿੱਚ ਇੱਕ ਵਿਸ਼ਾਲ ਰਾਮ ਮੰਦਰ ਦੇ ਨਿਰਮਾਣ ਵਿੱਚ ਉਨ੍ਹਾਂ ਦੇ ਯਤਨ ਦੇਸ਼ ਲਈ ਬਹੁਤ ਮਾਣ ਮੱਤੇ ਪਲ ਰਹੇ ਹਨ। ਇਸ ਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ, ਮੇਰੀ ਮੰਗ ਹੈ ਕਿ ਮੰਤਰਾਲੇ ਦੀ ਪ੍ਰਮੁੱਖ ਪ੍ਰਸ਼ਾਦ ਸਕੀਮ (ਤੀਰਥ ਯਾਤਰਾ ਪੁਨਰ ਸੁਰਜੀਤੀ ਅਤੇ ਅਧਿਆਤਮਕ ਵਾਧਾ ਮੁਹਿੰਮ) ਦੇ ਤਹਿਤ ਖਰੜ ਵਿੱਚ ਅੱਜ ਸਰੋਵਰ ਦਾ ਨਵੀਂਨੀਕਰਨ, ਸ੍ਰੀ ਰਾਮ ਮੰਦਿਰ ਦਾ ਨਿਰਮਾਣ ਤੇ ਪਟਿਆਲਾ ਦੇ ਘੁੜਾਮ ਪਿੰਡ ਦੇ ਮਾਤਾ ਕੁਸ਼ੱਲਿਆ ਮੰਦਰ ਦਾ ਪੁਨਰ ਨਿਰਮਾਣ ਕਰਵਾਇਆ ਜਾਵੇ ਤਾਂ ਜੋ ਪੰਜਾਬ ਦੀ ਅਮੀਰ ਨੂੰ ਬਚਾਇਆ ਜਾ ਸਕੇ ਤੇ ਦੁਨੀਆ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕੀਤਾ ਜਾ ਸਕੇ। ਮੈਨੂੰ ਪੂਰਾ ਭਰੋਸਾ ਹੈ ਕਿ ਮੇਰੀ ਅਪੀਲ ’ਤੇ ਤੁਹਾਡੇ ਵੱਲੋਂ ਜਲਦ ਤੋਂ ਜਲਦ ਵਿਚਾਰ ਕੀਤਾ ਜਾਵੇਗਾ ਤੇ ਇਨ੍ਹਾਂ ਪੂਜਨੀਕ ਧਾਰਮਿਕ ਸਥਾਨਾਂ ਦੀ ਜਲਦੀ ਹੀ ਕਾਇਆਕਲਪ ਬਦਲੀ ਜਾਵੇਗੀ।