ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਜਿਨ੍ਹਾਂ ਨੀਤੀਆਂ 'ਤੇ ਕੰਮ ਕਰ ਰਹੀ ਹੈ, ਉਹ ਆਗਾਮੀ 1000 ਸਾਲ ਦਾ ਭਵਿੱਖ ਤੈਅ ਕਰਨਗੀਆਂ। ਪ੍ਰਧਾਨ ਮੰਤਰੀ ਨੇ ਇੱਥੇ ਸਿਵਲ ਸੇਵਾਵਾਂ ਦਿਵਸ ਮੌਕੇ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੇ ਸਮੁੱਚੇ ਵਿਕਾਸ ਦਾ ਅਰਥ ਹੈ ਕਿ ਕੋਈ ਵੀ ਪਿੰਡ, ਕੋਈ ਵੀ ਪਰਿਵਾਰ ਅਤੇ ਕੋਈ ਵੀ ਨਾਗਰਿਕ ਪਿੱਛੇ ਨਾ ਰਹੇ। ਉਨ੍ਹਾਂ ਕਿਹਾ ਕਿ ਅਸੀਂ ਜਿਨ੍ਹਾਂ ਨੀਤੀਆਂ 'ਤੇ ਕੰਮ ਕਰ ਰਹੇ ਹਾਂ ਅਤੇ ਅੱਜ ਜੋ ਫੈਸਲੇ ਲੈ ਰਹੇ ਹਾਂ, ਉਹ ਅਗਲੇ 1,000 ਸਾਲਾਂ ਦੇ ਭਵਿੱਖ ਨੂੰ ਆਕਾਰ ਦੇਣਗੇ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਦਾ ਇੱਛਾਵਾਂ ਵਾਲਾ ਸਮਾਜ- ਨੌਜਵਾਨ, ਕਿਸਾਨ ਅਤੇ ਔਰਤਾਂ ਅਤੇ ਇਸਦੇ ਸੁਪਨੇ ਬੇਮਿਸਾਲ ਉਚਾਈਆਂ 'ਤੇ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਅਸਾਧਾਰਨ ਇੱਛਾਵਾਂ ਨੂੰ ਪ੍ਰਾਪਤ ਕਰਨ ਲਈ ਅਸਾਧਾਰਨ ਗਤੀ ਦੀ ਲੋੜ ਹੁੰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਾਸਨ ਦੀ ਗੁਣਵੱਤਾ ਇਸ ਗੱਲ ਤੋਂ ਤੈਅ ਹੁੰਦੀ ਹੈ ਕਿ ਯੋਜਨਾਵਾਂ ਲੋਕਾਂ ਤੱਕ ਕਿੰਨੀ ਡੂੰਘਾਈ ਨਾਲ ਪਹੁੰਚਦੀਆਂ ਹਨ ਅਤੇ ਜ਼ਮੀਨੀ ਪੱਧਰ 'ਤੇ ਉਨ੍ਹਾਂ ਦਾ ਅਸਲ ਪ੍ਰਭਾਵ ਕਿੰਨਾ ਪੈਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 10 ਸਾਲਾਂ 'ਚ ਭਾਰਤ ਹੌਲੀ ਤਬਦੀਲੀ ਤੋਂ ਹੁਣ ਪ੍ਰਭਾਵਸ਼ਾਲੀ ਤਬਦੀਲੀਆਂ ਦਾ ਗਵਾਹ ਬਣ ਗਿਆ ਹੈ। ਉਨ੍ਹਾਂ ਕਿਹਾ "ਭਾਰਤ ਸ਼ਾਸਨ, ਪਾਰਦਰਸ਼ਤਾ ਅਤੇ ਨਵੀਨਤਾ 'ਚ ਨਵੇਂ ਮਾਪਦੰਡ ਸਥਾਪਤ ਕਰ ਰਿਹਾ ਹੈ।" ਤਕਨਾਲੋਜੀ ਦੇ ਯੁੱਗ ਵਿਚ ਸ਼ਾਸਨ ਦਾ ਅਰਥ ਸਿਸਟਮ ਦਾ ਪ੍ਰਬੰਧਨ ਨਹੀਂ ਹੈ, ਸਗੋਂ ਇਸ ਦਾ ਅਰਥ ਹੈ ਸੰਭਾਵਨਾਵਾਂ ਦਾ ਵਿਸਥਾਰ ਕਰਨਾ।
2023 'ਚ ਭਾਰਤ ਵੱਲੋਂ ਆਯੋਜਿਤ ਜੀ-20 ਸੰਮੇਲਨ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਜਨਤਕ ਭਾਗੀਦਾਰੀ ਦੇ ਦ੍ਰਿਸ਼ਟੀਕੋਣ ਨੇ ਇਸ ਸਮਾਗਮ ਨੂੰ ਇਕ ਲੋਕ ਲਹਿਰ ਵਿਚ ਬਦਲ ਦਿੱਤਾ ਅਤੇ ਦੁਨੀਆ ਵਲੋਂ ਇਸ ਨੂੰ ਮਾਨਤਾ ਦਿੱਤੀ ਗਈ। ਭਾਰਤ ਸਿਰਫ਼ ਹਿੱਸਾ ਨਹੀਂ ਲੈ ਰਿਹਾ, ਸਗੋਂ ਅਗਵਾਈ ਕਰ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸਿਵਲ ਸੇਵਕਾਂ ਨੂੰ ਗਰੀਬਾਂ ਦੀਆਂ ਸਮੱਸਿਆਵਾਂ ਪ੍ਰਤੀ ਸੰਵੇਦਨਸ਼ੀਲ ਹੋਣ ਉਨ੍ਹਾਂ ਦੀ ਆਵਾਜ਼ ਸੁਣਨ, ਉਨ੍ਹਾਂ ਦੀਆਂ ਸੰਵੇਦਨਸ਼ੀਲਤਾਵਾਂ ਦਾ ਸਤਿਕਾਰ ਕਰਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਨੂੰ ਤਰਜੀਹ ਦੇਣ ਲਈ ਕਿਹਾ।