ਗਰਮੀ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਦੇ ਚੱਲਦੇ ਸਰਕਾਰ ਨੇ ਵਿਦਿਆਰਥੀਆਂ ਨੂੰ ਰਾਹਤ ਦੇਣ ਲਈ ਸਕੂਲਾਂ ਦੇ ਸਮੇਂ ਵਿਚ ਬਦਲਾਅ ਕਰ ਦਿੱਤਾ ਹੈ। ਹੁਣ 7 ਅਪ੍ਰੈਲ 2025 ਤੋਂ ਸਾਰੇ ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਸਵੇਰੇ 6.30 ਵਜੇ ਤੋਂ ਦੁਪਹਿਰ 12.30 ਵਜੇ ਤੱਕ ਲੱਗਣਗੇ। ਇਹ ਕਦਮ ਬਿਹਾਰ ਦੇ ਸਿੱਖਿਆ ਵਿਭਾਗ ਵਲੋਂ ਲੂ ਅਤੇ ਵਧੇਰੇ ਗਰਮੀ ਤੋਂ ਬੱਚਿਆਂ ਦੀ ਸੁਰੱਖਿਆ ਲਈ ਚੁੱਕਿਆ ਗਿਆ ਹੈ। ਗਰਮੀ ਦੇ ਵੱਧਦੇ ਅਸਰ ਨੂੰ ਵੇਖਦੇ ਹੋਏ ਇਹ ਨਵਾਂ ਟਾਈਮ ਟੇਬਲ ਸੋਮਵਾਰ ਯਾਨੀ ਕਿ ਅੱਜ ਤੋਂ ਲਾਗੂ ਹੋਵੇਗਾ।
ਨਵੀਂ ਸਮਾਂ ਸਾਰਣੀ 'ਚ ਬਦਲਾਅ: ਸਕੂਲਾਂ ਵਿਚ ਹੁਣ ਪ੍ਰਾਰਥਨਾ ਸਵੇਰੇ 7.00 ਵਜੇ ਤੱਕ ਪੂਰੀ ਹੋ ਜਾਵੇਗੀ, ਇਸ ਤੋਂ ਬਾਅਦ ਕਲਾਸਾਂ ਲੱਗਣਗੀਆਂ। ਹਰੇਕ ਕਲਾਸ ਦਾ ਸਮਾਂ 45 ਮਿੰਟ ਦਾ ਹੋਵੇਗਾ ਅਤੇ ਬੱਚਿਆਂ ਨੂੰ ਸਵੇਰੇ 9.00 ਵਜੇ ਤੋਂ 40 ਮਿੰਟ ਦਾ ਲੰਚ ਬਰੇਕ ਮਿਲੇਗਾ। ਇਸ ਬਦਲਾਅ ਨਾਲ ਵਿਦਿਆਰਥੀਆਂ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ। ਦੱਸ ਦੇਈਏ ਕਿ ਬਿਹਾਰ ਦੇ ਕਈ ਇਲਾਕਿਆਂ ਵਿਚ ਤਾਪਮਾਨ 40 ਡਿਗਰੀ ਸੈਲਸੀਅਸ ਦੇ ਆਲੇ-ਦੁਆਲੇ ਬਣਿਆ ਹੋਇਆ ਹੈ।
ਗਰਮੀ ਤੋਂ ਬਚਾਅ ਲਈ ਸਮੇਂ 'ਚ ਬਦਲਾਅ: ਗਰਮੀਆਂ 'ਚ ਵੱਧਦੀ ਲੂ ਅਤੇ ਤਾਪਮਾਨ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ, ਜਿਸ ਨਾਲ ਬੱਚਿਆਂ ਨੂੰ ਦਿਨ ਦੇ ਸਭ ਤੋਂ ਗਰਮ ਸਮੇਂ ਵਿਚ ਬਾਹਰ ਨਾ ਰਹਿਣਾ ਪਵੇ। ਅਜਿਹੇ ਵਿਚ ਇਹ ਸਮਾਂ ਸਾਰਣੀ ਵਿਦਿਆਰਥੀਆਂ ਲਈ ਨਾ ਸਿਰਫ਼ ਸੁਰੱਖਿਅਤ ਸਗੋਂ ਆਰਾਮਦਾਇਕ ਵੀ ਹੋਵੇਗੀ।