ਨਵੀਂ ਦਿੱਲੀ : ਵਿਦੇਸ਼ਾਂ ਤੋਂ ਪੜ੍ਹਾਈ ਕਰ ਕੇ ਵਾਪਸ ਆਉਣ ਵਾਲੇ ਵਿਦਿਆਰਥੀਆਂ ਲਈ ਇਕ ਅਹਿਮ ਐਲਾਨ ਕਰਦਿਆਂ ਯੂ.ਜੀ.ਸੀ. ਨੇ ਕਿਹਾ ਹੈ ਕਿ ਵਿਦੇਸ਼ਾਂ ਤੋਂ ਪੜ੍ਹਾਈ ਕਰ ਕੇ ਵਾਪਸ ਆਉਣ ਵਾਲੇ ਵਿਦਿਆਰਥੀਆਂ ਦੀਆਂ ਡਿਗਰੀਆਂ ਦੀ ਹੁਣ ਪਹਿਲਾਂ ਜਾਂਚ ਕੀਤੀ ਜਾਵੇਗੀ, ਫਿਰ ਹੀ ਉਨ੍ਹਾਂ ਨੂੰ ਮਾਨਤਾ ਦਿੱਤੀ ਜਾਵੇਗੀ।
ਇਸ ਪ੍ਰਕਿਰਿਆ ਲਈ ਕਮਿਸ਼ਨ ਵੱਲੋਂ ਇਕ ਪਾਰਦਰਸ਼ੀ ਸਿਸਟਮ ਤਿਆਰ ਕੀਤਾ ਜਾਵੇਗਾ। ਯੂ.ਜੀ.ਸੀ. ਵੱਲੋਂ 2025 'ਚ ਜਾਰੀ ਕੀਤੇ ਗਏ ਨਿਰਦੇਸ਼ਾਂ ਮੁਤਾਬਕ ਵਿਦੇਸ਼ਾਂ ਤੋਂ ਗ੍ਰੈਜੁਏਟ, ਪੋਸਟ ਗ੍ਰੈਜੁਏਟ ਆਦਿ ਡਿਗਰੀਆਂ ਹਾਸਲ ਕਰ ਕੇ ਭਾਰਤ ਆਉਣ ਵਾਲੇ ਵਿਦਿਆਰਥੀਆਂ ਦੀਆਂ ਡਿਗਰੀਆਂ ਤੇ ਸਿਲੇਬਸ ਦੀ ਨਿਰਦੇਸ਼ਾਂ ਅਨੁਸਾਰ ਜਾਂਚ ਕੀਤੀ ਜਾਵੇਗੀ, ਇਸ ਤੋਂ ਬਾਅਦ ਹੀ ਉਨ੍ਹਾਂ ਦੀ ਡਿਗਰੀ ਨੂੰ ਮਾਨਤਾ ਦਿੱਤੀ ਜਾਵੇਗੀ।
ਯੂ.ਜੀ.ਸੀ. (ਯੂਨੀਵਰਸਿਟੀ ਗ੍ਰਾਂਟ ਕਮਿਸ਼ਨ) ਨੇ ਦੱਸਿਆ ਕਿ ਇਸ ਪ੍ਰਕਿਰਿਆ ਲਈ ਇਕ ਆਨਲਾਈਨ ਪੋਰਟਲ ਸ਼ੁਰੂ ਕੀਤਾ ਜਾਵੇਗਾ। ਇਸ ਪੋਰਟਲ 'ਤੇ ਵਿਦਿਆਰਥੀ ਨੂੰ ਆਪਣੀ ਡਿਗਰੀ ਤੇ ਸਿਲੇਬਸ ਦੀ ਜਾਣਕਾਰੀ ਅਪਲੋਡ ਕਰਨੀ ਪਵੇਗੀ, ਜਿਸ ਮਗਰੋਂ ਇਕ ਟੀਮ ਇਸ ਦੀ ਜਾਂਚ ਕਰੇਗੀ ਤੇ ਇਹ ਤੈਅ ਕਰੇਗੀ ਕਿ ਉਕਤ ਵਿਦਿਆਰਥੀ ਦੀ ਡਿਗਰੀ ਨੂੰ ਮਾਨਤਾ ਦੇਣੀ ਹੈ ਜਾਂ ਨਹੀਂ।