ਅੰਮ੍ਰਿਤਸਰ : ਸਿਹਤ ਵਿਭਾਗ ਦੇ ਡਰੱਗ ਵਿੰਗ ਵੱਲੋਂ ਪੰਜਾਬ ਸਰਕਾਰ ਵੱਲੋਂ ਚਲਾਈ ਨਸ਼ਿਆਂ ਵਿਰੁੱਧ ਮੁਹਿੰਮ ’ਚ ਸੂਬੇ ਭਰ ਦੀ ਸਭ ਤੋਂ ਵੱਡੀ ਨਸ਼ਿਆਂ ਦੀ ਖੇਪ ਫੜੀ ਹੈ। ਅੰਮ੍ਰਿਤਸਰ ਦੇ ਹੋਲਸੇਲ ਮਾਰਕੀਟ ’ਚ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਗੋਦਾਮ ’ਚ ਛਾਪੇਮਾਰੀ ਕਰ ਕੇ ਪ੍ਰੀਗਾਬਾਲਿਨ ਅਤੇ ਲੱਗਭਗ 70 ਲੱਖ ਦੀਆਂ ਹੋਰ ਦਵਾਈਆਂ ਜ਼ਬਤ ਕੀਤੀਆਂ। ਵਿਭਾਗ ਵੱਲੋਂ ਸਬੰਧਤ ਦਵਾਈ ਮਾਲਕ ਖਿਲਾਫ ਕਾਰਵਾਈ ਲਈ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। ਜ਼ੋਨਲ ਲਾਇਸੈਂਸ ਅਥਾਰਟੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਪੁਰੀ ਮੁਸਤੈਦੀ ਨਾਲ ਕੰਮ ਕਰ ਰਿਹਾ ਹੈ। ਵਿਭਾਗ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਦਵਾਈਆਂ ਅਤੇ ਨਸ਼ਾ ਵੇਚਣ ਵਾਲਿਆਂ ਖਿਲਾਫ ਲਗਾਤਾਰ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਦਵਾਈਆਂ ਦੀ ਹੋਲਸੇਲ ਮਾਰਕੀਟ ਕਟੜਾ ਸ਼ੇਰ ਸਿੰਘ ’ਚ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਡਰੱਗ ਕੰਟਰੋਲ ਅਧਿਕਾਰੀ ਮੈਡਮ ਬਬਲੀਨ ਕੌਰ ਵੀ ਮੌਜੂਦ ਸਨ। ਚੈਕਿੰਗ ਦੌਰਾਨ ਗਣੇਸ਼ ਫਾਰਮਾ ਦੇ ਅਮਿਤ ਕੁਮਾਰ ਪ੍ਰੋਪ ਦੇ ਸ਼ੰਕਰ ਮਾਰਕੀਟ ਅੰਮ੍ਰਿਤਸਰ ਦੀ ਚੌਥੀ ਮੰਜ਼ਿਲ ਸਥਿਤ ਗੈਰ-ਲਾਇਸੈਂਸੀ ਗੋਦਾਮ ਦਾ ਨਿਰੀਖਣ ਕੀਤਾ ਅਤੇ ਪ੍ਰੀਗਾਬਾਲਿਨ ਅਤੇ ਲੱਗਭਗ 70 ਲੱਖ (16 ਕਿਸਮਾਂ) ਦੀਆਂ ਹੋਰ ਦਵਾਈਆਂ ਜ਼ਬਤ ਕੀਤੀਆਂ ਕਿਉਂਕਿ ਇੰਚਾਰਜ ਰਿਕਵਰੀ ਵਾਲੀ ਥਾਂ ’ਤੇ ਖਰੀਦ ਰਿਕਾਰਡ ਅਤੇ ਲਾਇਸੈਂਸ ਪੇਸ਼ ਕਰਨ ’ਚ ਅਸਫਲ ਰਿਹਾ। ਨਾਲ ਹੀ ਟੈਸਟ ਅਤੇ ਵਿਸ਼ਲੇਸ਼ਣ ਲਈ 6 ਨਮੂਨੇ ਲਏ ਗਏ।
ਜ਼ੋਨਲ ਲਾਇਸੈਂਸ ਅਥਾਰਟੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਡਰੱਗ ਐਂਡ ਕੋਸਟਮੈਟਿਕ ਐਕਟ ਨੂੰ ਹੇਠਲੇ ਪੱਧਰ ਤੱਕ ਲਾਗੂ ਕਰਵਾਉਣ ਲਈ ਸਰਗਰਮੀ ਨਾਲ ਭੂਮਿਕਾ ਨਿਭਾਈ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਚਲਾਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ’ਚ ਡਰੱਗ ਵਿੰਗ ਲਗਾਤਾਰ ਨਸ਼ੇ ਦੇ ਸੌਦਾਗਰਾਂ ਖਿਲਾਫ ਕਾਰਵਾਈ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ’ਚ ਹੁਣ ਤੱਕ ਮੁਹਿੰਮ ਤਹਿਤ ਕਈ ਦੁਕਾਨਾਂ ਨੂੰ ਜਿੱਥੇ ਸੀਲ ਕੀਤਾ ਗਿਆ ਹੈ, ਉਥੇ ਇੱਕ ਦਰਜਨ ਦੇ ਕਰੀਬ ਲਾਇਸੈਂਸ ਮੁਅੱਤਲ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ’ਚ ਪੰਜਾਬ ਦੀ ਸਭ ਤੋਂ ਵੱਡੀ ਰਿਕਵਰੀ ਡਰੱਗ ਵਿੰਗ ਅੰਮ੍ਰਿਤਸਰ ਵੱਲੋਂ ਕੀਤੀ ਗਈ ਹੈ। ਜ਼ੋਨਲ ਲਾਇਸੈਂਸ ਅਥਾਰਟੀ ਕੁਲਵਿੰਦਰ ਸਿੰਘ ਦੀ ਅਗਵਾਈ ’ਚ ਲਗਾਤਾਰ ਡਰੱਗ ਟੀਮਾਂ ਦਿਨ-ਰਾਤ ਮੈਡੀਕਲ ਸਟੋਰਾਂ ਦੀ ਚੈਕਿੰਗ ਕਰ ਰਹੀਆਂ ਹਨ।
ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਅਸ਼ੋਕ ਗੋਇਲ ਨੇ ਵਿਭਾਗ ਵੱਲੋਂ ਕੀਤੀ ਕਾਰਵਾਈ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਹਮੇਸ਼ਾ ਨਸ਼ਿਆਂ ਖਿਲਾਫ ਰਹੀ ਹੈ ਅਤੇ ਨਸ਼ੇ ਦੇ ਸੌਦਾਗਰਾਂ ’ਤੇ ਕਾਰਵਾਈ ਕਰਨ ਲਈ ਵਿਭਾਗ ਦਾ ਸਾਥ ਦਿੰਦੀ ਰਹੀ ਹੈ। ਸਰਕਾਰ ਵੱਲੋਂ ਹਮੇਸ਼ਾ ਨਸ਼ੇ ਖਿਲਾਫ ਚਲਾਈ ਮੁਹਿੰਮ ’ਚ ਐਸੋਸੀਏਸ਼ਨ ਨੇ ਵਧ-ਚੜ੍ਹ ਕੇ ਹਿੱਸਾ ਪਾਇਆ ਹੈ। ਉਨ੍ਹਾਂ ਕਿਹਾ ਕਿ ਜੋ ਨਸ਼ੇ ਦਾ ਵਪਾਰ ਮੈਡੀਕਲ ਸਟੋਰ ਦੀ ਆੜ ’ਚ ਕਰਦਾ ਹੈ, ਉਸ ਦਾ ਐਸੋਸੀਏਸ਼ਨ ਸਮਰਥਨ ਨਹੀਂ ਕਰਦੀ। ਐਸੋਸੀਏਸ਼ਨ ਦਾ ਉਸ ਨਾਲ ਕੋਈ ਵੀ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਨਸ਼ੇ ਦੇ ਸੌਦਾਗਰਾਂ ਦੀ ਮਦਦ ਕਰਨ ਵਾਲੀਆਂ ਕਾਲੀਆਂ ਭੇਡਾਂ ’ਤੇ ਵੀ ਕਾਰਵਾਈ ਕਰਨੀ ਚਾਹੀਦੀ ਹੈ।
ਨਿਯਮਾਂ ਦੇ ਉਲਟ ਕੰਮ ਕਰਨ ਵਾਲਿਆਂ ’ਤੇ ਵਿਭਾਗ ਕੱਸੇਗਾ ਸ਼ਿਕੰਜਾ
ਸਿਹਤ ਵਿਭਾਗ ਦਾ ਡਰੱਗ ਵਿੰਗ ਨਿਯਮਾਂ ਤੋਂ ਉਲਟ ਕੰਮ ਕਰਨ ਵਾਲੇ ਮੈਡੀਕਲ ਸਟੋਰਾਂ ’ਤੇ ਲਗਾਤਾਰ ਕਾਰਵਾਈ ਕਰ ਰਿਹਾ ਹੈ। ਵਿਭਾਗ ਵੱਲੋਂ ਹੁਣ ਡਰੱਗ ਐਂਡ ਕਾਸਟਮੈਟਿਕ ਐਕਟ ਤਹਿਤ ਇਕ ਵਾਰ ਫਿਰ ਮੈਡੀਕਲ ਸਟੋਰਾਂ ਨੂੰ ਨਿਯਮਾਂ ਦਾ ਪਾਠ ਪੜ੍ਹਾਉਣ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਵਿਭਾਗ ਦੀ ਇਸ ਐਡਵਾਈਜ਼ਰੀ ’ਤੇ ਜ਼ਿਲਾ ਪ੍ਰਸ਼ਾਸਨ ਨੇ ਮੋਹਰ ਲਾਉਂਦਿਆਂ ਮੈਡੀਕਲ ਸਟੋਰਾਂ ਦੀ ਅਚਨਚੇਤ ਚੈਕਿੰਗ ਕਰਨ ਦੇ ਹੁਕਮ ਜਾਰੀ ਕੀਤੇ ਹਨ। ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਦੇ ਹੁਕਮਾਂ ਤਹਿਤ ਜ਼ਿਲੇ ਦੇ 4000 ਤੋਂ ਵਧੇਰੇ ਮੈਡੀਕਲ ਸਟੋਰਾਂ ਦੀ ਚੈਕਿੰਗ ਲਈ ਜਿੱਥੇ ਸਿਹਤ ਵਿਭਾਗ ਵੱਲੋਂ 30 ਤੋਂ ਵਧੇਰੇ ਟੀਮਾਂ ਦਾ ਵੱਖਰੇ ਤੌਰ ’ਤੇ ਗਠਨ ਕੀਤਾ ਗਿਆ ਹੈ, ਉਥੇ ਹੀ ਡਰੱਗ ਵਿਭਾਗ ਵੱਲੋਂ ਲਗਾਤਾਰ ਟੀਮਾਂ ਦਾ ਗਠਨ ਕਰ ਕੇ ਚੈਕਿੰਗ ਕੀਤੀ ਜਾ ਰਹੀ ਹੈ।
ਡਰੱਗ ਕੰਟਰੋਲ ਅਧਿਕਾਰੀ ਸੁਖਦੀਪ ਸਿੰਘ ਨੇ ਦੱਸਿਆ ਕਿ ਜ਼ਿਲੇ ਦੇ ਮੈਡੀਕਲ ਸਟੋਰਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਜਿਸ ਤਹਿਤ ਲਾਇਸੈਂਸ ਪ੍ਰਮੁੱਖ ਸਥਾਨ ’ਤੇ ਪ੍ਰਦਰਸ਼ਿਤ ਕੀਤੇ ਜਾਣੇ ਚਾਹੀਦੇ ਹਨ। ਮੈਡੀਕਲ ਸਟੋਰਾਂ ’ਤੇ ਫਾਰਮਾਸਿਸਟ ਮੌਜੂਦ ਹੋਣਾ ਚਾਹੀਦਾ ਹੈ, ਸ਼ਡਿਊਲ ਐੱਚ ਅਤੇ ਐੱਚ-1 ਦਵਾਈਆਂ ਦੀ ਸਾਰੀ ਵਿਕਰੀ ਫਾਰਮਾਸਿਸਟ ਦੀ ਮੌਜੂਦਗੀ ’ਚ ਜਾਂ ਉਸ ਦੀ ਨਿੱਜੀ ਨਿਗਰਾਨੀ ’ਚ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਦੁਕਾਨ ’ਚ ਸਟਾਕ ਕੀਤੀਆਂ ਸਾਰੀਆਂ ਦਵਾਈਆਂ ਦੇ ਖਰੀਦ ਬਿੱਲ ਫਾਈਲ ’ਚ ਤਰਜੀਹੀ ਤੌਰ ’ਤੇ ਲੜੀਵਾਰ ਰੱਖੇ ਜਾਣੇ ਚਾਹੀਦੇ ਹਨ। ਵਿਕਰੀ ਰਿਕਾਰਡ ਨੂੰ ਸਾਰੀਆਂ ਦਵਾਈਆਂ ਨਾਲ ਸਬੰਧਤ ਹਰ ਵਿਕਰੀ ਦੇ ਨਾਲ ਰੱਖਿਆ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਪ੍ਰੀਗਾਬਾਲਿਨ 75 ਮਿਲੀਗ੍ਰਾਮ ਜਾਂ ਸੰਜੋਗਾਂ ਦੀ ਵਿਕਰੀ/ਖਰੀਦ ਦੇ ਮਾਮਲੇ ’ਚ ਯੋਗ ਜ਼ਿਲਾ ਮੈਜਿਸਟ੍ਰੇਟ ਅੰਮ੍ਰਿਤਸਰ ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ। ਕੈਮਿਸਟਾਂ ਦੀਆਂ ਦੁਕਾਨਾਂ ’ਚ ਸੀ. ਸੀ. ਟੀ. ਵੀ ਲਾਏ ਜਾਣ।
ਜ਼ਿਲੇ ’ਚ 500 ਤੋਂ ਵਧੇਰੇ ਮੈਡੀਕਲ ਸਟੋਰਾਂ ਦੀ ਹੁਣ ਤੱਕ ਹੋ ਚੁੱਕੀ ਹੈ ਅਚਨਚੇਤ ਚੈਕਿੰਗ
ਸਿਵਲ ਸਰਜਨ ਡਾ. ਕਿਰਨਦੀਪ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਅਤੇ ਡਰੱਗ ਵਿੰਗ ਵੱਲੋਂ ਹੁਣ ਤੱਕ 500 ਤੋਂ ਵਧੇਰੇ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਧੀ ਦਰਜਨ ਦੇ ਕਰੀਬ ਜਿੱਥੇ ਮੈਡੀਕਲ ਸਟੋਰ ਨਿਯਮਾਂ ਤੋਂ ਵਿਰੁੱਧ ਕੰਮ ਕਰਦੇ ਹੋਏ ਪਾਏ ਜਾਣ ’ਤੇ ਸੀਲ ਕੀਤੇ ਗਏ ਹਨ, ਉਥੇ ਹੀ ਇਕ ਲਾਇਸੈਂਸ ਪੱਕੇ ਤੌਰ ’ਤੇ ਰੱਦ ਅਤੇ 10 ਲਾਇਸੈਂਸ ਮੁਅੱਤਲ ਕੀਤੇ ਗਏ ਹਨ।