ਹਰਿਆਣਾ ਵਿਚ ਗਨ ਕਲਚਰ ਨੂੰ ਉਤਸ਼ਾਹਿਤ ਕਰਨ ਵਾਲੇ ਕਈ ਗਾਣਿਆਂ 'ਤੇ ਸਰਕਾਰ ਨੇ ਬੈਨ ਲਗਾ ਦਿੱਤਾ ਗਿਆ ਹੈ। ਇਸੇ ਤਹਿਤ ਹਰਿਆਣਵੀ ਗਾਇਕ ਅੰਕਿਤ ਬਾਲਿਆਨ ਦੇ ਹੁਣ ਇਕ ਹੋਰ ਗਾਣੇ 112 NE 'ਤੇ ਪਾਬੰਦੀ ਲਗਾ ਦਿੱਤੀ ਹੈ। ਗਾਇਕ ਨੇ ਇਸ ਬਾਰੇ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ।
ਅੰਕਿਤ ਬਾਲਿਆਨ ਨੇ ਕਿਹਾ ਕਿ 'ਭਰੀ ਕੋਰਟ ਮੇਂ ਗੋਲੀ ਮਾਰੇਂਗੇ' ਗਾਣੇ, ਜਿਸ ਨੂੰ 250 ਮਿਲੀਅਨ ਵਿਊਜ਼ ਮਿਲੇ ਸਨ, ਤੋਂ ਬਾਅਦ ਹੁਣ 112 NE ਗਾਣੇ ਨੂੰ ਵੀ ਬੈਨ ਕਰ ਦਿੱਤਾ ਗਿਆ, ਜਿਸ ਨੂੰ ਹੁਣ ਤੱਕ 10 ਮਿਲੀਅਨ ਵਿਊਜ਼ ਮਿਲ ਚੁੱਕੇ ਸਨ। ਹੁਣ ਇਸ ਕਾਰਨ ਹੋਏ ਵਿੱਤੀ ਨੁਕਸਾਨ ਦੀ ਭਰਪਾਈ ਕੌਣ ਕਰੇਗਾ? ਮੈਂ ਆਪਣੇ ਦਮ 'ਤੇ ਗਾਣੇ ਬਣਾਏ। ਮੇਰੇ ਨਾਲ ਕੋਈ ਕੰਪਨੀ ਜਾਂ ਨਿਰਮਾਤਾ ਨਹੀਂ ਸੀ ਅਤੇ ਸਰਕਾਰ ਨੇ ਇਸ 'ਤੇ ਪਾਬੰਦੀ ਲਗਾ ਦਿੱਤੀ। ਹੁਣ ਮੇਰੇ ਨੁਕਸਾਨ ਦੀ ਭਰਪਾਈ ਕੌਣ ਕਰੇਗਾ? ਜੇਕਰ ਇਹ ਜਾਰੀ ਰਿਹਾ, ਤਾਂ ਸਾਨੂੰ ਹਰਿਆਣਾ ਛੱਡਣ ਲਈ ਮਜਬੂਰ ਹੋਣਾ ਪਵੇਗਾ ਅਤੇ ਪੰਜਾਬੀ, ਯੂਪੀ ਜਾਂ ਭੋਜਪੁਰੀ ਗਾਣੇ ਗਾਉਣੇ ਪੈਣਗੇ।
ਗਾਇਕ ਅੰਕਿਤ ਨੇ ਅੱਗੇ ਕਿਹਾ ਕਿ ਮੈਂ ਗਾਇਕੀ ਦੀ ਲਾਈਨ ਵਿੱਚ ਸਿਰਫ਼ 2 ਸਾਲ ਪਹਿਲਾਂ ਆਇਆ ਸੀ ਅਤੇ ਹੁਣ ਤੱਕ ਮੈਂ 5-6 ਗਾਣੇ ਦਿੱਤੇ ਹਨ, ਜਿਨ੍ਹਾਂ ਵਿੱਚੋਂ 2 ਗਾਣਿਆਂ 'ਤੇ ਪਾਬੰਦੀ ਲੱਗ ਗਈ ਹੈ। ਕੀ ਮੇਰੇ ਗਾਣੇ ਇੰਨੇ ਖ਼ਤਰਨਾਕ ਹਨ ਕਿ ਸਮਾਜ ਖਰਾਬ ਹੋ ਰਿਹਾ ਹੈ? ਲੋਕ ਦੱਸਣ ਕਿ ਮੇਰਾ ਕਿਹੜਾ ਗਾਣਾ ਹੈ ਜਿਸ ਨੂੰ ਘਰ ਵਿੱਚ ਨਹੀਂ ਸੁਣਿਆ ਜਾ ਸਕਦਾ? ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਹਰਿਆਣਾ ਵਿੱਚ ਗਨ ਕਲਚਰ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ 30 ਤੋਂ ਵੱਧ ਗਾਣੇ ਬੈਨ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਗਾਣੇ ਗਾਇਕ ਮਾਸੂਮ ਸ਼ਰਮਾ ਦੇ ਹਨ। ਇਸ ਤੋਂ ਇਲਾਵਾ ਅਮਿਤ ਸੈਣੀ ਰੋਹਤਕੀਆ, ਗਜੇਂਦਰ ਫੋਗਾਟ, ਰੈਪਰ ਢਾਂਡਾ ਨਿਆਲੀਵਾਲਾ ਦੇ ਗਾਣੇ ਵੀ ਬੈਨ ਹੋਏ ਹਨ।