ਮੋਹਾਲੀ/ਮੋਗਾ : 18 ਸਾਲ ਪੁਰਾਣੇ ਬਹੁਚਰਚਿਤ ਮੋਗਾ ਸੈਕਸ ਸਕੈਂਡਲ ਮਾਮਲੇ ’ਚ ਮੋਹਾਲੀ ਸਥਿਤ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ 4 ਪੁਲਸ ਅਧਿਕਾਰੀਆਂ ਸਾਬਕਾ ਐੱਸ. ਐੱਸ. ਪੀ. ਦਵਿੰਦਰ ਸਿੰਘ ਗਰਚਾ, ਸਾਬਕਾ ਐੱਸ. ਪੀ. ਹੈਡਕੁਆਰਟਰ ਮੋਗਾ ਪਰਮਦੀਪ ਸਿੰਘ ਸੰਧੂ, ਸਾਬਕਾ ਐੱਸ. ਐੱਚ. ਓ. ਥਾਣਾ ਸਿਟੀ ਮੋਗਾ ਰਮਨ ਕੁਮਾਰ ਅਤੇ ਪੁਲਸ ਸਟੇਸ਼ਨ ਮੋਗਾ ਦੇ ਇੰਸਪੈਕਟਰ ਅਮਰਜੀਤ ਸਿੰਘ ਨੂੰ 5-5 ਸਾਲ ਦੀ ਸਜ਼ਾ ਸੁਣਾਈ ਹੈ ਅਤੇ 2-2 ਲੱਖ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ। ਦੂਜੇ ਪਾਸੇ ਮਾਮਲੇ ਦੇ ਸ਼ਿਕਾਇਤਕਰਤਾ ਰਣਜੀਤ ਸਿੰਘ ਨੇ ਕਿਹਾ ਕਿ ਫੈਸਲਾ ਬਹੁਤ ਵਧੀਆ ਹੈ। ਉਨ੍ਹਾਂ ਕਿਹਾ ਕਿ ਉਹ ਫੈਸਲੇ ਤੋਂ ਸੰਤੁਸ਼ਟ ਹਨ। ਦੱਸਣਯੋਗ ਹੈ ਕਿ ਅਦਾਲਤ ਨੇ 29 ਮਾਰਚ ਨੂੰ ਇਸ ਮਾਮਲੇ ਵਿਚ ਚਾਰੇ ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਸੀ ਜਿਸ ਮਗਰੋਂ ਅੱਜ ਮੁਲਜ਼ਮਾਂ ਨੂੰ ਸਜ਼ਾ ਦਾ ਐਲਾਨ ਕੀਤਾ ਗਿਆ ਹੈ।
ਸੀ. ਬੀ. ਆਈ. ਅਦਾਲਤ ਨੇ ਦਵਿੰਦਰ ਸਿੰਘ ਗਰਚਾ ਅਤੇ ਪੀ.ਐੱਸ. ਦੀ ਅਗਵਾਈ ਹੇਠ ਇਕ ਕਮੇਟੀ ਦਾ ਗਠਨ ਕੀਤਾ। ਸੰਧੂ ਨੂੰ ਭ੍ਰਿਸ਼ਟਾਚਾਰ ਰੋਕਥਾਮ (ਪੀਸੀ) ਐਕਟ ਦੀ ਧਾਰਾ 13(1)(ਡੀ) ਦੇ ਨਾਲ ਪੜ੍ਹੀ ਗਈ ਧਾਰਾ 13(2) ਦੇ ਤਹਿਤ ਦੋਸ਼ੀ ਪਾਇਆ ਗਿਆ। ਇਸੇ ਤਰ੍ਹਾਂ ਰਮਨ ਕੁਮਾਰ ਅਤੇ ਅਮਰਜੀਤ ਸਿੰਘ ਨੂੰ ਪੀਸੀ ਐਕਟ ਅਤੇ ਭਾਰਤੀ ਦੰਡਾਵਲੀ ਦੀ ਧਾਰਾ 384 (ਜ਼ਬਰਨ) ਵਸੂਲੀ ਤਹਿਤ ਦੋਸ਼ੀ ਠਹਿਰਾਇਆ ਗਿਆ ਸੀ, ਜਿਸ ਵਿਚ ਅਮਰਜੀਤ ਸਿੰਘ ਨੂੰ ਧਾਰਾ 384 ਅਤੇ ਧਾਰਾ 511 ਦੇ ਤਹਿਤ ਦੋਸ਼ੀ ਠਹਿਰਾਇਆ ਗਿਆ।
ਕੀ ਹੈ ਮਾਮਲਾ
ਉਕਤ ਮਾਮਲਾ 2007 ਵਿਚ ਅਕਾਲੀ-ਭਾਜਪਾ ਸਰਕਾਰ ਸਮੇਂ ਸਾਹਮਣੇ ਆਇਆ ਸੀ। ਮੋਗਾ ਦੇ ਥਾਣਾ ਸਿਟੀ ਦੇ ਜਗਰਾਓਂ ਦੇ ਇਕ ਪਿੰਡ ਦੀ ਕੁੜੀ ਦੀ ਸ਼ਿਕਾਇਤ 'ਤੇ ਗੈਂਗਰੇਪ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਪੀੜਤਾ ਦੇ ਧਾਰਾ 164 ਦੇ ਬਿਆਨ ਦਰਜ ਕੀਤੇ ਗਏ। ਇਸ ਵਿਚ ਉਸ ਨੇ ਲਗਭਗ 50 ਅਣਪਛਾਤੇ ਲੋਕਾਂ 'ਤੇ ਜਬਰ-ਜ਼ਿਨਾਹ ਕਰਨ ਦਾ ਦੋਸ਼ ਲਗਾਇਆ ਸੀ। ਦੋਸ਼ ਸੀ ਕਿ ਪੁਲਸ ਅਧਿਕਾਰੀਆਂ ਨੇ ਇਸ ਕੇਸ ਦੀ ਜਾਂਚ ਵਿਚ ਬਲੈਕਮੇਲਿੰਗ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਕੇਸ ਵਿਚ ਕਈ ਵਪਾਰੀਆਂ ਅਤੇ ਸਆਸੀ ਆਗੂਆਂ ਦੇ ਨਾਮ ਸ਼ਾਮਲ ਕਰਨੇ ਸ਼ੁਰੂ ਕੀਤੇ। ਇਸ ਦੌਰਾਨ ਇਕ ਆਗੂ ਨੇ ਪੁਲਸ ਵੱਲੋਂ ਪੈਸੇ ਮੰਗਣ ਦੀ ਆਡੀਓ ਰਿਕਾਰਡ ਕਰ ਲਈ। ਇਸ ਤਰ੍ਹਾਂ ਇਹ ਮਾਮਲਾ ਸੁਰਖੀਆਂ ਵਿਚ ਆਇਆ ਸੀ।