ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਆਪਣੇ 4 ਦਿਨਾ ਦੌਰੇ 'ਤੇ ਭਾਰਤ ਆਏ ਹੋਏ ਹਨ। ਇਸ ਦੌਰੇ ਦੀ ਸ਼ੁਰੂਆਤ ਉਨ੍ਹਾਂ ਨੇ ਨਵੀਂ ਦਿੱਲੀ ਸਥਿਤ ਅਕਸ਼ਰਧਾਮ ਮੰਦਰ ਤੋਂ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਊਸ਼ਾ ਵੈਂਸ ਤੇ ਬੱਚੇ ਵੀ ਮੌਜੂਦ ਸਨ।
ਵੈਂਸ 4 ਦਿਨਾ ਦੌਰੇ ਲਈ ਪਰਿਵਾਰ ਸਮੇਤ ਭਾਰਤ ਆਏ ਹੋਏ ਹਨ। ਇਸ ਦੌਰਾਨ ਸੋਮਵਾਰ ਦੀ ਸਵੇਰ ਉਨ੍ਹਾਂ ਦਾ ਦਿੱਲੀ ਪਹੁੰਚਣ 'ਤੇ ਨਿੱਘਾ ਸੁਆਗਤ ਕੀਤਾ ਗਿਆ ਸੀ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਣਵ ਉਨ੍ਹਾਂ ਦੇ ਸੁਆਗਤ ਲਈ ਪਹੁੰਚੇ ਹੋਏ ਸਨ। ਆਪਣੀ 4 ਦਿਨ ਦੀ ਭਾਰਤ ਯਾਤਰਾ ਦੌਰਾਨ ਵੈਂਸ ਦਿੱਲੀ ਤੋਂ ਇਲਾਵਾ ਜੈਪੁਰ ਤੇ ਆਗਰਾ ਵੀ ਜਾਣਗੇ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਭਾਰਤ ਸਣੇ ਦੁਨੀਆ ਭਰ ਦੇ ਦੇਸ਼ਾਂ 'ਤੇ ਰੈਸੀਪ੍ਰੋਕਲ ਟੈਰਿਫ ਲਾਗੂ ਕਰਨ ਦੇ ਐਲਾਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਫ਼ੈਸਲੇ ਨੂੰ ਮੁਲਤਵੀ ਕਰ ਦਿੱਤਾ ਸੀ। ਹੁਣ ਵੈਂਸ ਦੀ ਇਹ ਭਾਰਤ ਫੇਰੀ ਉਸ ਸਮੇਂ ਹੋ ਰਹੀ ਹੈ, ਜਦੋਂ ਭਾਰਤ ਤੇ ਅਮਰੀਕਾ ਦੋ-ਪੱਖੀ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਗੱਲਬਾਤ ਕਰ ਰਹੇ ਹਨ। ਇਸ ਤੋਂ ਇਲਾਵਾ ਟੈਰਿਫ਼ ਮੁੱਦੇ 'ਤੇ ਵੀ ਚਰਚਾ ਕੀਤੀ ਜਾਣ ਦੀ ਉਮੀਦ ਹੈ।