ਜੰਮੂ : ਜੰਮੂ ਕਸ਼ਮੀਰ ਵਿਧਾਨ ਸਭਾ 'ਚ ਸੋਮਵਾਰ ਨੂੰ ਪਹਿਲਗਾਮ ਹਮਲੇ 'ਚ ਮਾਰੇ ਗਏ ਸੈਲਾਨੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸਾਰੇ ਮ੍ਰਿਤਕਾਂ ਦੇ ਨਾਂ ਲਏ ਅਤੇ ਘਟਨਾ 'ਤੇ ਦੁੱਖ ਜਤਾਇਆ। ਉਮਰ ਨੇ ਕਿਹਾ,''ਮੇਜ਼ਬਾਨ ਹੋਣ ਦੇ ਨਾਤੇ ਮੈਂ ਸੁਰੱਖਿਆ ਲਈ ਜ਼ਿੰਮੇਵਾਰ ਸੀ। ਇਨ੍ਹਾਂ ਲੋਕਾਂ ਦੇ ਪਰਿਵਾਰਾਂ ਤੋਂ ਮੈਂ ਕਿਵੇਂ ਮੁਆਫ਼ੀ ਮੰਗਾਂ। ਪੀੜਤਾਂ ਤੋਂ ਮੁਆਫ਼ੀ ਮੰਗਣ ਲਈ ਮੇਰੇ ਕੋਲ ਸ਼ਬਦ ਨਹੀਂ ਹਨ।'' ਪਹਿਲਗਾਮ ਹਮਲੇ 'ਤੇ ਉਮਰ ਅਬਦੁੱਲਾ ਦੀ ਵਿਧਾਨ ਸਭਾ 'ਚ ਇਹ ਪਹਿਲੀ ਸਪੀਚ ਸੀ। ਇਹ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਹੈ, ਜੋ ਪਹਿਲਗਾਮ ਹਮਲੇ 'ਚ ਮਾਰੇ ਗਏ ਸੈਲਾਨੀਆਂ ਨੂੰ ਸ਼ਰਧਾਂਜਲੀ ਦੇਣ ਲਈ ਬੁਲਾਇਆ ਗਿਆ ਹੈ। ਇਸ ਤੋਂ ਪਹਿਲਾਂ ਹਮਲੇ ਖ਼ਿਲਾਫ਼ ਨਿੰਦਾ ਪ੍ਰਸਤਾਵ ਪਾਸ ਕੀਤਾ। ਇਹ ਪ੍ਰਸਤਾਵ ਉੱਪ ਮੁੱਖ ਮੰਤਰੀ ਸੁਰਿੰਦਰ ਚੌਧਰੀ ਨੇ ਵਿਧਾਨ ਸਭਾ 'ਚ ਪੇਸ਼ ਕੀਤਾ ਸੀ।
ਉਮਰ ਅਬਦੁੱਲਾ ਨੇ ਕਿਹਾ,''ਯਕੀਨ ਨਹੀਂ ਹੁੰਦਾ ਕਿ ਕੁਝ ਦਿਨ ਪਹਿਲਾਂ ਅਸੀਂ ਇਸ ਸਦਨ 'ਚ ਸੀ ਅਤੇ ਬਜਟ 'ਤੇ ਕਈ ਹੋਰ ਮੁੱਦਿਆਂ 'ਤੇ ਬਹਿਸ ਚਲੀ। ਸਦਨ ਮੁਲਤਵੀ ਹੁੰਦੇ-ਹੁੰਦੇ ਅਸੀਂ ਇਹ ਉਮੀਦ ਕਰ ਰਹੇ ਸੀ ਕਿ ਸ਼੍ਰੀਨਗਰ 'ਚ ਮੁੜ ਮੁਲਾਕਾਤ ਹੋਵੇਗੀ। ਕਿਸ ਨੇ ਸੋਚਿਆ ਸੀ ਕਿ ਜੰਮੂ ਕਸ਼ਮੀਰ 'ਚ ਅਜਿਹੀ ਸਥਿਤੀ ਬਣੇਗੀ ਕਿ ਮੁੜ ਇੱਥੇ ਮਿਲਣਾ ਪਵੇਗਾ।'' ਅਬਦੁੱਲਾ ਨੇ ਕਿਹਾ ਕਿ ਸਪੀਕਰ ਸਾਹਿਬ ਤੁਹਾਡੇ ਨੇੜੇ-ਤੇੜੇ ਉਹ ਲੋਕ ਬੈਠੇ ਹਨ, ਜਿਨ੍ਹਾਂ ਨੇ ਖ਼ੁਦ ਆਪਣੇ ਰਿਸ਼ਤੇਦਾਰਾਂ ਨੂੰ ਕੁਰਬਾਨ ਹੁੰਦੇ ਦੇਖਿਆ ਹੈ। ਸਾਡੇ 'ਚੋਂ ਕਿੰਨੇ ਹੀ ਹਨ, ਜਿਨ੍ਹਾਂ 'ਤੇ ਹਮਲੇ ਹੋਏ ਹਨ। ਅਸੀਂ ਚਾਹੁੰਦੇ ਹਾਂ ਕਿ ਇਸ ਸਦਨ ਵਲੋਂ ਹਮਲੇ ਦੀ ਨਿੰਦਾ ਕੀਤੀ ਜਾਵੇ। ਮਾਰੇ ਗਏ 26 ਪਰਿਵਾਰਾਂ ਨਾਲ ਅਸੀਂ ਹਮਦਰਦੀ ਜ਼ਾਹਰ ਕਰ ਸਕੇ। ਉਮਰ ਨੇ ਕਿਹਾ ਕਿ ਬੰਦੂਕ ਨਾਲ ਅੱਤਵਾਦ ਕੰਟਰੋਲ ਕਰ ਸਕਦੇ ਹਨ ਪਰ ਖ਼ਤਮ ਨਹੀਂ। ਜਦੋਂ ਲੋਕ ਇਕੱਠੇ ਹੋਣਗੇ, ਉਦੋਂ ਜਾ ਕੇ ਅੱਤਵਾਦ ਖ਼ਤਮ ਹੋਵੇਗਾ।