ਫਰੀਦਾਬਾਦ : ਹਰਿਆਣਾ ਦੇ ਫਰੀਦਾਬਾਦ ਤੋਂ ਇਕ ਦੁਖ਼ਦ ਘਟਨਾ ਸਾਹਮਣੇ ਆਈ ਹੈ, ਜਿੱਥੇ ਪਲੇਅ ਵੇਅ ਸਕੂਲ ਵਿਚ 2 ਸਾਲ ਦੇ ਮੁੰਡੇ ਦੀ ਸ਼ੱਕੀ ਹਲਾਤਾਂ ਵਿਚ ਮੌਤ ਹੋ ਗਈ। ਇਹ ਮਾਮਲਾ ਪੱਲਾ ਖੇਤਰ ਦੇ ਦੀਪਾਵਲੀ ਐਨਕਲੇਵ ਦਾ ਹੈ, ਜਿੱਥੇ ਰਹਿਣ ਵਾਲੇ ਲਕਸ਼ਮਣ ਸਿੰਘ ਨਾਂ ਦੇ ਵਿਅਕਤੀ ਦੇ ਪੁੱਤਰ ਨਿਤੀਸ਼ ਸਿੰਘ ਮੌਤ ਹੋ ਗਈ।
ਹਸਪਤਾਲ ਨੇ ਨਿਤੀਸ਼ ਨੂੰ ਕੀਤਾ ਮ੍ਰਿਤਕ ਐਲਾਨ
ਪਰਿਵਾਰ ਨੇ ਦੱਸਿਆ ਕਿ ਨਿਤੀਸ਼ ਨੂੰ ਕੁਝ ਦਿਨ ਪਹਿਲਾਂ ਹੀ ਪਲੇਅ ਵੇਅ ਸਕੂਲ 'ਚ ਦਾਖਲ ਕਰਵਾਇਆ ਗਿਆ ਸੀ। ਬੱਚੇ ਦੇ ਪਿਤਾ ਨੇ ਕਿਹਾ ਕਿ ਉਹ ਆਪਣੇ ਪੁੱਤਰ ਨੂੰ ਸਵੇਰੇ 8 ਵਜੇ ਪੂਰੀ ਤਰ੍ਹਾਂ ਤੰਦਰੁਸਤ ਹਾਲਤ 'ਚ ਸਕੂਲ ਛੱਡ ਕੇ ਆਇਆ ਸੀ। ਦੁਪਹਿਰ ਵੇਲੇ ਸਕੂਲ ਤੋਂ ਫ਼ੋਨ ਆਇਆ ਕਿ ਬੱਚੇ ਦੀ ਸਿਹਤ ਅਚਾਨਕ ਵਿਗੜ ਗਈ ਹੈ ਅਤੇ ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ। ਜਦੋਂ ਪਿਤਾ ਲਕਸ਼ਮਣ ਸਿੰਘ ਸੈਕਟਰ-37 ਦੇ ਇਕ ਪ੍ਰਾਈਵੇਟ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਬੱਚਾ ਬੇਹੋਸ਼ ਸੀ। ਚੈੱਕਅਪ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ। ਸਿਵਲ ਹਸਪਤਾਲ ਪਹੁੰਚਣ 'ਤੇ ਡਾਕਟਰਾਂ ਨੇ ਨਿਤੀਸ਼ ਨੂੰ ਮ੍ਰਿਤਕ ਐਲਾਨ ਦਿੱਤਾ।
ਪਿਤਾ ਨੇ ਕਿਹਾ...
ਪਿਤਾ ਦਾ ਕਹਿਣਾ ਹੈ ਕਿ ਉਸ ਨੂੰ ਨਹੀਂ ਪਤਾ ਕਿ ਸਕੂਲ 'ਚ ਕੀ ਹੋਇਆ ਕਿਉਂਕਿ ਉਸ ਨੇ ਬੱਚੇ ਨੂੰ ਸਿਹਤਮੰਦ ਹਾਲਤ 'ਚ ਸਕੂਲ ਛੱਡ ਦਿੱਤਾ ਸੀ। ਸਕੂਲ ਨੇ ਦੱਸਿਆ ਕਿ ਬੱਚਿਆਂ ਨੂੰ ਦੁਪਹਿਰ ਦੇ ਖਾਣੇ ਦੇ ਸਮੇਂ ਖਾਣਾ ਖੁਆਇਆ ਗਿਆ ਸੀ ਅਤੇ ਫਿਰ ਜਦੋਂ ਨਿਤੀਸ਼ ਨੂੰ ਨੀਂਦ ਆਉਣ ਲੱਗੀ ਤਾਂ ਉਸ ਨੂੰ ਸੁਲਾ ਦਿੱਤਾ ਗਿਆ। ਜਦੋਂ ਉਸ ਨੂੰ ਦੁਪਹਿਰ 2.30 ਵਜੇ ਜਗਾਇਆ ਗਿਆ ਤਾਂ ਉਹ ਨਹੀਂ ਉੱਠਿਆ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ।
'ਖਾਣਾ ਖਾਣ ਮਗਰੋਂ ਬੱਚਾ ਸੌਂ ਗਿਆ...'
ਪਲੇਅ ਸਕੂਲ ਚਲਾਉਣ ਵਾਲੀ ਔਰਤ ਨੇ ਦੱਸਿਆ ਕਿ ਨਿਤੀਸ਼ ਦੇ ਪਿਤਾ ਉਸ ਨੂੰ ਸਵੇਰੇ 8 ਵਜੇ ਸਕੂਲ ਛੱਡ ਗਏ ਸਨ। ਦੁਪਹਿਰ 12 ਵਜੇ ਦੇ ਕਰੀਬ ਉਸ ਨੂੰ ਪਰਿਵਾਰ ਵਲੋਂ ਦਿੱਤਾ ਗਿਆ ਦਲੀਆ ਖੁਆਇਆ ਗਿਆ। ਖਾਣਾ ਖਾਣ ਤੋਂ ਬਾਅਦ ਬੱਚਾ ਸੌਂ ਗਿਆ ਅਤੇ ਜਦੋਂ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਕੋਈ ਪ੍ਰਤੀਕਿਰਿਆ ਨਹੀਂ ਦੇ ਰਿਹਾ ਸੀ। ਇਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਬੱਚੇ ਦੇ ਪਿਤਾ ਨੇ ਸਵੇਰੇ ਕਿਹਾ ਸੀ ਕਿ ਬੱਚਾ ਰਾਤ ਤੋਂ ਥੋੜ੍ਹਾ ਬਿਮਾਰ ਸੀ ਅਤੇ ਉਸ ਨੂੰ ਦਵਾਈ ਦੇ ਕੇ ਭੇਜ ਦਿੱਤਾ ਸੀ। ਇਸ ਮਾਮਲੇ ਵਿਚ ਪੁਲਸ ਬੁਲਾਰੇ ਯਸ਼ਪਾਲ ਨੇ ਕਿਹਾ ਕਿ ਪਰਿਵਾਰ ਵੱਲੋਂ ਅਜੇ ਤੱਕ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ ਹੈ। ਫਿਲਹਾਲ ਪੁਲਸ ਜਾਂਚ ਵਿਚ ਰੁੱਝੀ ਹੋਈ ਹੈ।