ਸ਼੍ਰੀ ਚਮਕੌਰ ਸਾਹਿਬ/ਮੋਰਿੰਡਾ: ਰੱਬੀ ਸੀਜਨ 2025-26 ਪੰਜਾਬ ਰਾਜ ਵਿੱਚ 1 ਅਪ੍ਰੈਲ, 2025 ਤੋਂ ਸ਼ੁਰੂ ਹੋ ਗਿਆ ਹੈ ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਰੂਪਨਗਰ, ਸ਼੍ਰੀ ਵਰਜੀਤ ਵਾਲੀਆਂ ਵੱਲੋ ਮੰਡੀ ਸ਼੍ਰੀ ਚਮਕੌਰ ਸਾਹਿਬ ਅਤੇ ਮੌਰਿੰਡਾ ਵਿੱਚ ਕੀਤੇ ਗਏ ਪ੍ਰਬੰਧਾ ਦਾ ਜਾਇਜਾ ਲਿਆ ਗਿਆ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਕਿਸਾਨਾਂ ਵੱਲੋ ਲਿਆਈ ਜਾਣ ਵਾਲੀ ਕਣਕ ਨੂੰ ਖਰੀਦਣ ਅਤੇ ਸਾਂਭ-ਸੰਭਾਲ ਲਈ ਪੰਜਾਬ ਸਰਕਾਰ ਵੱਲੋ ਪੁਖਤਾ ਪ੍ਰਬੰਧ ਕੀਤੇ ਗਏ ਹਨ। ਪੰਜਾਬ ਸਰਕਾਰ ਵਲੋਂ ਕਣਕ ਦੀ ਫਸਲ ਦਾ ਇੱਕ-ਇੱਕ ਦਾਣਾ ਪਾਰਦਰਸ਼ਤਾ ਅਤੇ ਸੁਚਾਰੂ ਢੰਗ ਨਾਲ ਖਰੀਦਿਆਂ ਜਾਵੇਗਾ ਅਤੇ ਕਿਸਾਨਾਂ ਨੂੰ ਮੰਡੀਆਂ ਵਿਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾ ਮੰਡੀ ਬੋਰਡ ਮੋਰਿੰਡਾ ਦੇ ਸੈਕਟਰੀ ਸ਼੍ਰੀ ਵਰਿੰਦਰ ਸਿੰਘ ਅਤੇ ਮੰਡੀ ਬੋਰਡ ਸ਼੍ਰੀ ਚਮਕੌਰ ਸਾਹਿਬ ਦੇ ਸੈਕਟਰੀ ਸ਼੍ਰੀ ਅਰਵਿੰਦ ਸਿੰਘ ਨੂੰ ਆਦੇਸ਼ ਦਿੱਤੇ ਗਏ ਕਿ ਮੰਡੀਆਂ ਵਿੱਚ ਪੀਣ ਵਾਲਾ ਪਾਣੀ, ਬਿਜਲੀ, ਸਫਾਈ, ਛਾਂ ਅਤੇ ਖਪਾਨਿਆ ਦਾ ਯੋਗ ਪ੍ਰਬੰਧ ਕੀਤਾ ਜਾਵੇ ਅਤੇ ਸਬੰਧਤ ਐਸ.ਡੀ.ਐਮ ਨੂੰ ਉਕਤ ਪ੍ਰਬੰਧ ਵੈਰੀਫਾਈ ਕਰਨਗੇ।
ਉਨ੍ਹਾਂ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਗਈ ਕਿ ਮੰਡੀਆਂ ਵਿੱਚ ਹੋਣ ਵਾਲੀ ਕਣਕ ਦੀ ਆਮਦ ਦੀ ਖਰੀਦ, ਕਿਸਾਨਾ ਨੂੰ ਅਦਾਇਗੀ ਅਤੇ ਲਿਫਟਿੰਗ ਸਮੇਂ ਸਿਰ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਰੂਪਨਗਰ ਨੇ ਆੜਤੀਆ ਨੂੰ ਆਦੇਸ਼ ਦਿੱਤੇ ਕਿ ਮੰਡੀਆਂ ਵਿੱਚ ਕਣਕ ਦੀ ਢੇਰੀ ਦੀ ਨਮੀ ਚੈੱਕ ਕਰਵਾਉਣ ਉਪਰੰਤ ਹੀ ਲਗਾਈ ਜਾਵੇ ਅਤੇ ਕਿਸਾਨਾ ਦੀ ਫਸਲ ਸਮੇਂ ਸਿਰ ਖਰੀਦ ਕਰਨ ਤੋਂ ਬਾਅਦ ਕਿਸਾਨਾ ਨੂੰ ਅਦਾਇਗੀ 48 ਘੰਟਿਆਂ ਦੇ ਅੰਤਰਾਲ ਵਿੱਚ ਹੀ ਕੀਤੀ ਜਾਵੇ।