ਮੱਧ ਪ੍ਰਦੇਸ਼ ਵਿੱਚ, ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਗਰਮੀਆਂ ਦੀਆਂ ਛੁੱਟੀਆਂ 1 ਮਈ ਤੋਂ ਸ਼ੁਰੂ ਹੋਣਗੀਆਂ ਜੋ ਕਿ 46 ਦਿਨ ਤਕ ਰਹਿਣਗੀਆਂ। ਛੁੱਟੀਆਂ 1 ਮਈ ਤੋਂ ਸ਼ੁਰੂ ਹੋ ਕੇ 15 ਜੂਨ ਤੱਕ ਜਾਰੀ ਰਹਿਣਗੀਆਂ। ਅਧਿਆਪਕਾਂ ਨੂੰ 31 ਦਿਨ ਗਰਮੀਆਂ ਦੀਆਂ ਛੁੱਟੀਆਂ ਮਿਲਣਗੀਆਂ। ਇਹ 1 ਮਈ ਤੋਂ 31 ਮਈ ਤੱਕ ਹੋਵੇਗਾ।
ਅਧਿਆਪਕ ਸੰਗਠਨਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਉਨ੍ਹਾਂ ਨੂੰ ਸੱਤ ਦਿਨ ਘੱਟ ਛੁੱਟੀ ਮਿਲੀ ਸੀ। ਇਸ ਸਾਲ 15 ਦਿਨਾਂ ਦੀ ਕਟੌਤੀ ਕੀਤੀ ਗਈ ਹੈ। ਸਕੂਲ ਸਿੱਖਿਆ ਵਿਭਾਗ ਨੇ ਸਾਲ 2025-26 ਲਈ ਅਕਾਦਮਿਕ ਕੈਲੰਡਰ ਤਹਿਤ ਛੁੱਟੀਆਂ ਦਾ ਐਲਾਨ ਕੀਤਾ ਹੈ। ਵਿਭਾਗੀ ਅਧਿਕਾਰੀਆਂ ਨੇ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਦੇ ਨਾਲ-ਨਾਲ ਸਾਲ ਭਰ ਦੀਆਂ ਹੋਰ ਛੁੱਟੀਆਂ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ। ਅਕਤੂਬਰ ਵਿੱਚ ਦੋ ਛੁੱਟੀਆਂ ਹੋਣਗੀਆਂ। ਦੁਸਹਿਰੇ ਦੀ ਛੁੱਟੀ 1 ਤੋਂ 3 ਅਕਤੂਬਰ ਤੱਕ ਹੋਵੇਗੀ। ਦੀਵਾਲੀ ਦੀ ਛੁੱਟੀ 18 ਤੋਂ 23 ਅਕਤੂਬਰ ਤੱਕ ਦਿੱਤੀ ਗਈ ਹੈ।
ਉਥੇ ਹੀ ਦੂਜੇ ਪਾਸੇ ਸਰਕਾਰ ਨੇ ਸਰਦੀਆਂ ਦੀਆਂ ਛੁੱਟੀਆਂ ਲਈ ਵੀ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਸਰਦੀਆਂ ਦੀਆਂ ਛੁੱਟੀਆਂ 31 ਦਸੰਬਰ ਤੋਂ 4 ਜਨਵਰੀ, 2026 ਤੱਕ ਰਹਿਣਗੀਆਂ। ਇਸ ਵਾਰ ਦੁਸਹਿਰਾ ਤਿੰਨ ਦਿਨ, ਦੀਵਾਲੀ ਛੇ ਦਿਨ ਅਤੇ ਸਰਦੀਆਂ ਦੀਆਂ ਛੁੱਟੀਆਂ ਪੰਜ ਦਿਨ ਹੋਣਗੀਆਂ।