ਨਵੀਂ ਦਿੱਲੀ : ਦਿੱਲੀ ਦੇ ਰੋਹਿਣੀ ਇਲਾਕੇ ਵਿੱਚ ਐਤਵਾਰ ਸਵੇਰੇ ਝੁੱਗੀਆਂ-ਝੌਂਪੜੀਆਂ ਵਿੱਚ ਲੱਗੀ ਭਿਆਨਕ ਅੱਗ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਦਿੱਲੀ ਫਾਇਰ ਸਰਵਿਸ (ਡੀ.ਐੱਫ.ਐੱਸ.) ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਬਾਰੇ ਸਵੇਰੇ 11:55 ਵਜੇ ਦੇ ਕਰੀਬ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 20 ਗੱਡੀਆਂ ਮੌਕੇ 'ਤੇ ਪਹੁੰਚੀਆਂ।
ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ, "ਹੁਣ ਤੱਕ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।" ਇਲਾਕੇ ਵਿੱਚੋਂ ਧੂੰਏਂ ਦਾ ਇੱਕ ਸੰਘਣਾ ਬੱਦਲ ਉੱਠਦਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਫਾਇਰ ਫਾਈਟਰਜ਼ ਇਸ ਸਮੇਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਸਥਿਤੀ ਨੂੰ ਕਾਬੂ ਵਿੱਚ ਲਿਆਉਣ ਲਈ ਕਾਰਵਾਈ ਜਾਰੀ ਹੈ।
ਪੁਲਸ ਅਨੁਸਾਰ ਇਸ ਘਟਨਾ ਵਿੱਚ 400 ਝੌਂਪੜੀਆਂ ਸੜ ਗਈਆਂ। ਰੋਹਿਣੀ ਦੇ ਡਿਪਟੀ ਕਮਿਸ਼ਨਰ ਆਫ਼ ਪੁਲਸ ਅਮਿਤ ਗੋਇਲ ਨੇ ਕਿਹਾ, "ਪੁਲਸ ਅਤੇ ਫਾਇਰ ਵਿਭਾਗ ਦੀਆਂ ਕਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਘਟਨਾ ਸਥਾਨ 'ਤੇ ਹੁਣ ਕੂਲਿੰਗ ਆਪ੍ਰੇਸ਼ਨ ਚੱਲ ਰਹੇ ਹਨ। ਦੋ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।" ਉਨ੍ਹਾਂ ਕਿਹਾ ਕਿ ਵਿਸਤ੍ਰਿਤ ਜਾਣਕਾਰੀ ਦੀ ਉਡੀਕ ਹੈ।