ਜੋਧਪੁਰ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਮੌਜੂਦਾ ਸਮੇਂ ਕੁਝ ਮੁਲਕ ਇੱਕ ਦੂਜੇ ਨਾਲ ਜੰਗ ’ਚ ਰੁੱਝੇ ਹੋਏ ਪਰ ਭਾਰਤ ਦਾ ਮਕਸਦ ਦੁਨੀਆ ਦੇ ਦੇਸ਼ਾਂ ਦੇ ਮੋਢੇ ਨਾਲ ਮੋਢਾ ਜੋੜ ਦੇ ਚੱਲਣ ਹੈ। ਉਨ੍ਹਾਂ ਨੇ ਉੱਭਰਦੀਆਂ ਆਲਮੀ ਚੁਣੌਤੀਆਂ ਦੇ ਮੱਦੇਨਜ਼ਰ ਮਿੱਤਰ ਦੇਸ਼ਾਂ ਨੂੰ ਆਪਣੀ ਭਾਈਵਾਲੀ ਤੇ ਸਹਿਯੋਗ ਨੂੰ ਹੋਰ ਬੁਲੰਦੀਆਂ ’ਤੇ ਲਿਜਾਣ ਲਈ ਵੀ ਆਖਿਆ।
ਰੱਖਿਆ ਮੰਤਰੀ ਨੇ ਇੱਥੇ ਭਾਰਤੀ ਹਵਾਈ ਸੈਨਾ ਦੇ ਏਅਰਬੇਸ ’ਤੇ ਸਭ ਤੋਂ ਵੱਡੀ ਹਵਾਈ ਮਸ਼ਕ ‘ਤਰੰਗ ਸ਼ਕਤੀ’ ਦੌਰਾਨ ਬੋਲਦਿਆਂ ਕਿਹਾ, ‘ਅੱਜ ਦੁਨੀਆ ’ਚ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਲੱਗੀ ਹੋਈ ਹੈ। ਕਈ ਥਾਵਾਂ ’ਤੇ ਕੁਝ ਮੁਲਕਾਂ ਵਿਚਾਲੇ ਜੰਗ ਚੱਲ ਰਹੀ ਹੈ। ਅਜਿਹੇ ਬਦਲਦੇ ਹਾਲਾਤ ’ਚ ਭਾਰਤ ਦਾ ਟੀਚਾ ਇੱਕ ਦੂਜੇ ਦਾ ਹੱਥ ਫੜ ਕੇ ਇਕੱਠਿਆਂ ਚੱਲਣ ਦਾ ਹੈ।’ ਉਨ੍ਹਾਂ ਆਖਿਆ, ‘ਜਿਸ ਤਰੀਕੇ ਨਾਲ ਦੁਨੀਆ ਬਦਲ ਰਹੀ ਹੈ ਅਤੇ ਨਵੀਂਆਂ ਚੁਣੌਤੀਆਂ ਉੱਭਰ ਰਹੀਆਂ ਹਨ, ਇਸ ਨੂੰ ਦੇਖਦਿਆਂ ਸਾਨੂੰ ਆਪਣੀ ਭਾਈਵਾਲੀ ਤੇ ਸਹਿਯੋਗ ਨੂੰ ਹੋਰ ਬੁਲੰਦੀਆਂ ’ਤੇ ਲਿਜਾਣ ਦੀ ਲੋੜ ਹੈ।’ ਰਾਜਨਾਥ ਸਿੰਘ ਨੇ ਇਹ ਟਿੱਪਣੀ ਰੂਸ ਤੇ ਯੂਕਰੇਨ ਵਿਚਾਲੇ ਸ਼ਾਂਤੀ ਗੱਲਬਾਤ ਅੱਗੇ ਵਧਾਉਣ ’ਚ ਭਾਰਤ ਨੂੰ ਸੰਭਾਵਿਤ ਭੂਮਿਕਾ ਨਿਭਾਉਣ ਦੀ ਮੰਗ ਉੱਠਣ ਦੇ ਬਾਅਦ ਕੀਤੀ ਹੈ, ਕਿਉਂਕਿ ਭਾਰਤ ਦੇ ਦੋਵਾਂ ਮੁਲਕਾਂ ਨਾਲ ਵਧੀਆ ਸਬੰਧ ਹਨ।