ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ ਵਿਚ ਹਲਕੀ ਬਰਫ਼ਬਾਰੀ ਅਤੇ ਕਈ ਹਿੱਸਿਆਂ ਵਿਚ ਮੋਹਲੇਧਾਰ ਮੀਂਹ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਲਾਹੌਲ-ਸਪੀਤੀ ਜ਼ਿਲ੍ਹੇ ਵਿਚ ਖ਼ਾਸ ਕਰ ਕੇ ਮਨਾਲੀ ਅਤੇ ਉੱਚਾਈ ਵਾਲੇ ਖੇਤਰਾਂ ਵਿਚ ਤਾਜ਼ਾ ਬਰਫ਼ਬਾਰੀ ਹੋਈ, ਜਦਕਿ ਕਿੰਨੌਰ ਅਤੇ ਮੰਡੀ ਵਰਗੇ ਹੇਠਲੇ ਇਲਾਕਿਆਂ ਵਿਚ ਮੋਹਲੇਧਾਰ ਮੀਂਹ ਅਤੇ ਹਨ੍ਹੇਰੀ-ਤੂਫ਼ਾਨ ਦਾ ਅਸਰ ਰਿਹਾ। ਲਗਾਤਾਰ ਮੀਂਹ ਕਾਰਨ ਜ਼ਮੀਨ ਖਿਸਕ ਗਈ, ਜਿਸ ਨਾਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
ਪ੍ਰਸ਼ਾਸਨ ਨੇ ਲੋਕਾਂ ਨੂੰ ਪ੍ਰਭਾਵਿਤ ਰਸਤਿਆਂ 'ਤੇ ਯਾਤਰਾ ਨਾ ਕਰਨ ਦੀ ਅਪੀਲ ਕੀਤੀ ਹੈ। ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀ. ਆਰ. ਓ) ਨੇ ਕਿਹਾ ਕਿ ਜੇਕਰ ਮੌਸਮ ਅਨੁਕੂਲ ਰਿਹਾ ਤਾਂ ਸੜਕ ਨੂੰ ਸਾਫ਼ ਕਰਨ ਦਾ ਕੰਮ ਸੋਮਵਾਰ ਤੋਂ ਸ਼ੁਰੂ ਹੋ ਜਾਵੇਗਾ। ਸ਼ਿਮਲਾ ਮੌਸਮ ਵਿਗਿਆਨ ਕੇਂਦਰ ਨੇ ਸੋਮਵਾਰ ਸਵੇਰੇ ਸ਼ਿਮਲਾ, ਮੰਡੀ, ਹਮੀਰਪੁਰ, ਸੋਲਨ ਅਤੇ ਸਿਰਮੌਰ ਜ਼ਿਲ੍ਹਿਆਂ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ 30-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਦਿੱਤੀ ਹੈ। ਕੁਝ ਥਾਵਾਂ 'ਤੇ ਗੜੇਮਾਰੀ ਵੀ ਹੋਈ ਹੈ।
ਮੌਸਮ ਵਿਭਾਗ ਨੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ, ਇਲੈਕਟ੍ਰਾਨਿਕ ਯੰਤਰਾਂ ਦੇ ਪਲੱਗ ਕੱਢਣ ਅਤੇ ਬਿਜਲੀ ਡਿੱਗਣ ਵੇਲੇ ਦਰੱਖਤਾਂ ਹੇਠ ਨਾ ਖੜ੍ਹੇ ਹੋਣ ਦੀ ਸਲਾਹ ਦਿੱਤੀ ਹੈ। ਇੱਥੇ ਮੀਂਹ ਪੈਣ ਕਾਰਨ ਤਾਪਮਾਨ 'ਚ ਤਿੰਨ ਤੋਂ ਚਾਰ ਡਿਗਰੀ ਸੈਲਸੀਅਸ ਦੀ ਗਿਰਾਵਟ ਆਈ ਹੈ, ਜਿਸ ਕਾਰਨ ਪਹਾੜੀ ਸੂਬੇ 'ਚ ਸੀਤ ਲਹਿਰ ਤੇਜ਼ ਹੋ ਗਈ ਹੈ। ਇਸ ਵੇਲੇ ਜ਼ਿਆਦਾਤਰ ਜ਼ਿਲ੍ਹਿਆਂ 'ਚ ਮੌਸਮ 'ਚ ਹੌਲੀ-ਹੌਲੀ ਸੁਧਾਰ ਹੋਣ ਦੀ ਉਮੀਦ ਹੈ, ਪਰ ਲਾਹੌਲ-ਸਪੀਤੀ, ਕਿੰਨੌਰ ਅਤੇ ਚੰਬਾ ਅਤੇ ਕੁੱਲੂ ਦੇ ਉੱਚੇ ਇਲਾਕਿਆਂ ਵਿਚ ਹਲਕੀ ਬੂੰਦਾ-ਬਾਂਦੀ ਅਤੇ ਮੀਂਹ ਜਾਰੀ ਰਹਿਣ ਦੀ ਉਮੀਦ ਹੈ। ਪ੍ਰਸ਼ਾਸਨ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਯਾਤਰੀਆਂ ਨੂੰ ਸਰਕਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਸੰਵੇਦਨਸ਼ੀਲ ਖੇਤਰਾਂ ਵਿਚ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।