ਗਲਤੀ ਨਾਲ ਕੌਮਾਂਤਰੀ ਸਰਹੱਦ ਪਾਰ ਕਰਨ ਮਗਰੋਂ ਪਾਕਿਸਤਾਨ ਰੇਂਜਰਸ ਵਲੋਂ ਹਿਰਾਸਤ ਵਿਚ ਲਏ ਗਏ ਸਰਹੱਦ ਸੁਰੱਖਿਆ ਫੋਰਸ (BSF) ਦੇ ਜਵਾਨ ਪੀ. ਕੇ. ਸਾਹੂ ਦੇ ਪਿਤਾ ਨੇ ਕਿਹਾ ਕਿ ਪਰਿਵਾਰ ਉਸ ਦੀ ਵਾਪਸੀ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ। ਹਿਰਾਸਤ ਵਿਚ ਲਏ ਗਏ ਜਵਾਨ ਦੇ ਪਿਤਾ ਭੋਲਾਨਾਥ ਸਾਹੂ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੇ ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਨੇ ਵੀਰਵਾਰ ਰਾਤ ਨੂੰ ਉਨ੍ਹਾਂ ਨੂੰ ਫੋਨ ਕਰ ਕੇ ਦੱਸਿਆ ਕਿ ਉਸ ਦੀ ਸੁਰੱਖਿਅਤ ਰਿਹਾਈ ਲਈ BSF ਅਤੇ ਪਾਕਿਸਤਾਨੀ ਰੇਂਜਰਸ ਦੇ ਅਧਿਕਾਰੀਆਂ ਵਿਚਾਲੇ ਫਲੈਗ ਮੀਟਿੰਗ ਹੋ ਰਹੀ ਹੈ।
ਮੇਰਾ ਪੁੱਤ ਕਿੱਥੇ ਹੈ, ਕੋਈ ਜਾਣਕਾਰੀ ਨਹੀਂ- ਪਿਤਾ
ਪਿਤਾ ਨੇ ਕਿਹਾ ਕਿ ਮੇਰੇ ਪੁੱਤਰ ਦੇਸ਼ ਦੀ ਸੇਵਾ ਕਰ ਰਿਹਾ ਹੈ ਅਤੇ ਮੈਨੂੰ ਯਕੀਨ ਹੈ ਕਿ ਉਸ ਦੀ ਸੁਰੱਖਿਅਤ ਰਿਹਾਈ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਮੇਰਾ ਪੁੱਤਰ ਕਿੱਥੇ ਹੈ, ਮੈਨੂੰ ਹੁਣ ਤੱਕ ਇਸ ਦੀ ਕੋਈ ਹੋਰ ਜਾਣਕਾਰੀ ਨਹੀਂ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਪੁੱਤਰ ਹੋਲੀ ਦੌਰਾਨ ਛੁੱਟੀਆਂ ਵਿਚ ਘਰ ਆਇਆ ਸੀ ਅਤੇ ਕਰੀਬ ਤਿੰਨ ਹਫ਼ਤੇ ਪਹਿਲਾਂ ਕੰਮ 'ਤੇ ਵਾਪਸ ਚੱਲਾ ਗਿਆ।
ਗਲਤੀ ਨਾਲ ਸਰਹੱਦ ਪਾਰ ਕਰ ਗਿਆ ਪੀ. ਕੇ. ਸਾਹੂ
ਦੱਸ ਦੇਈਏ ਕਿ ਕਿ ਪੰਜਾਬ ਵਿਚ ਫਿਰੋਜ਼ਪੁਰ ਸਰਹੱਦ 'ਤੇ BSF ਦੀ 182ਵੀਂ ਬਟਾਲੀਅਨ ਵਿਚ ਤਾਇਨਾਤ ਸਾਹੂ ਨੂੰ ਬੁੱਧਵਾਰ ਨੂੰ ਪਾਕਿਸਤਾਨ ਰੇਂਜਰਸ ਨੇ ਹਿਰਾਸਤ ਵਿਚ ਲਿਆ ਸੀ। ਅਧਿਕਾਰਤ ਸੂਤਰਾਂ ਮੁਤਾਬਕ ਘਟਨਾ ਸਮੇਂ ਜਵਾਨ ਵਰਦੀ ਵਿਚ ਸੀ ਅਤੇ ਉਸ ਕੋਲ ਸਰਵਿਸ ਰਾਈਫ਼ਲ ਵੀ ਸੀ। ਪੀ. ਕੇ. ਸਾਹੂ ਹੁਗਲੀ ਦੇ ਰਿਸੜਾ ਦਾ ਰਹਿਣ ਵਾਲਾ ਹੈ ਅਤੇ ਸਰਹੱਦ ਕੋਲ ਕਿਸਾਨਾਂ ਦੇ ਇਕ ਸਮੂਹ ਨਾਲ ਸੀ। ਉਹ ਇਕ ਦਰੱਖ਼ਤ ਹੇਠਾਂ ਆਰਾਮ ਕਰਨ ਲਈ ਅੱਗੇ ਵੱਧ ਗਿਆ ਅਤੇ ਗਲਤੀ ਵਿਚ ਪਾਕਿਸਤਾਨ ਦੇ ਖੇਤਰ ਵਿਚ ਚੱਲਾ ਗਿਆ, ਜਿੱਥੇ ਉਸ ਨੂੰ ਫੜ ਲਿਆ ਗਿਆ।
ਘਟਨਾ ਬਾਰੇ ਜਾਣ ਬੇਸੁੱਧ ਹੋਈ ਪਤਨੀ
BSF ਜਵਾਨ ਦੀ ਪਤਨੀ ਰਜਨੀ ਆਪਣੇ 7 ਸਾਲ ਦੇ ਪੁੱਤਰ ਅਤੇ ਸਾਹੂ ਦੇ ਮਾਤਾ-ਪਿਤਾ ਨਾਲ ਰਿਸੜਾ ਵਿਚ ਰਹਿੰਦੀ ਹੈ। ਰਜਨੀ ਘਟਨਾ ਬਾਰੇ ਜਾਣਨ ਮਗਰੋਂ ਬੇਸੁੱਧ ਹੈ। ਰਜਨੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪਤੀ ਨਾਲ ਆਖ਼ਰੀ ਵਾਰ ਮੰਗਲਵਾਰ ਰਾਤ ਨੂੰ ਗੱਲ ਕੀਤੀ ਸੀ ਅਤੇ ਪਰਿਵਾਰ ਚਾਹੁੰਦਾ ਹੈ ਕਿ ਉਹ ਜਲਦ ਤੋਂ ਜਲਦ ਵਾਪਸ ਆ ਜਾਵੇ।