ਸ਼ਿਮਲਾ : ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਸਕੱਤਰ ਪ੍ਰਬੋਧ ਸਕਸੈਨਾ ਵਲੋਂ ਆਯੋਜਿਤ ਹੋਲੀ ਪਾਰਟੀ ਦਾ 1.22 ਲੱਖ ਰੁਪਏ ਦਾ ਬਿੱਲ ਭੁਗਤਾਨ ਲਈ ਰਾਜ ਦੇ ਆਮ ਪ੍ਰਸ਼ਾਸਨ ਵਿਭਾਗ (ਜੀਏਡੀ) ਨੂੰ ਭੇਜਿਆ ਜਾਣਾ 'ਨੈਤਿਕ ਆਚਰਣ ਅਤੇ ਪ੍ਰਸ਼ਾਸਨਿਕ ਸ਼ਿਸ਼ਟਾਚਾਰ' ਖ਼ਿਲਾਫ਼ ਹੈ। ਦਰਅਸਲ ਹਿਮਾਚਲ ਪ੍ਰਦੇਸ਼ ਸੈਰ-ਸਪਾਟਾ ਵਿਕਾਸ ਨਿਗਮ ਦੇ 'ਹੋਟਲ ਹਾਲੀਡੇ ਹੋਮ' ਵਲੋਂ ਜਾਰੀ ਬਿੱਲ ਦੀ ਕਾਪੀ ਆਨਲਾਈਨ ਸਾਹਮਣੇ ਆਈ, ਜਿਸ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ। ਵਿਰੋਧੀ ਦਿਲ ਭਾਜਪਾ ਨੇ ਇਸ ਨੂੰ 'ਸਰਕਾਰੀ ਪੈਸੇ ਦੀ ਬਰਬਾਦੀ' ਕਰਾਰ ਦਿੱਤਾ। ਸਕਸੈਨਾ ਦੀ ਸੇਵਾਮੁਕਤੀ 'ਤੇ ਦਿੱਤੀ ਗਈ ਪਾਰਟੀ 'ਚ 14 ਮਾਰਚ ਨੂੰ 75 ਮਹਿਮਾਨਾਂ ਲਈ ਦੁਪਹਿਰ ਦੇ ਭੋਜਨ ਅਤੇ ਸਨੈਕਸ ਦਾ ਇੰਤਜ਼ਾਮ ਕੀਤਾ ਗਿਆ ਸੀ, ਜਿਸ 'ਚ ਆਈਏਐੱਸ, ਆਈਪੀਐੱਸ ਅਤੇ ਆਈਐੱਫਐੱਸ ਅਧਿਕਾਰੀ ਅਤੇ ਉਨ੍ਹਾਂ ਦੇ ਪਰਿਵਾਰ ਸ਼ਾਮਲ ਸਨ। ਬਿੱਲ 'ਚ 22 ਡਰਾਈਵਰਾਂ ਅਤੇ ਹੋਰ ਕਰਮਚਾਰੀਆਂ ਦੇ ਦੁਪਹਿਰ ਦੇ ਭੋਜਨ 'ਚ ਹੋਇਆ ਖਰਚ ਵੀ ਸ਼ਾਮਲ ਸੀ।
ਸੋਸ਼ਲ ਮੀਡੀਆ 'ਚ ਸਾਹਮਣੇ ਆਈ ਬਿੱਲ ਦੀ ਕਾਪੀ ਤੋਂ ਅਜਿਹੀ ਜਾਣਕਾਰੀ ਸਾਹਮਣੇ ਆਈ ਹੈ। ਮੁੱਖ ਸਕੱਤਰ ਨਾਲ ਇਸ ਸੰਬੰਧ 'ਚ ਗੱਲ ਨਹੀਂ ਹੋ ਸਕੀ। ਸਕਸੈਨਾ ਦੀ ਸੇਵਾਮੁਕਤੀ 31 ਮਾਰਚ ਨੂੰ ਹੋਣੀ ਸੀ ਪਰ ਉਨ੍ਹਾਂ ਦਾ 6 ਮਹੀਨਿਆਂ ਦਾ ਕਾਰਜਕਾਲ ਵਧਾ ਦਿੱਤਾ ਗਿਆ। ਕਾਰਜਕਾਲ ਵਿਸਥਾਰ ਮਿਲਣ ਤੋਂ ਬਾਅਦ ਵੀ ਉਨ੍ਹਾਂ ਦੀ ਰਿਟਾਇਰਮੈਂਟ ਪਾਰਟੀ ਹੋਈ। ਭਾਜਪਾ ਵਿਧਾਇਕ ਬਿਕਰਮ ਸਿੰਘ ਨੇ ਇਕ ਬਿਆਨ 'ਚ ਕਿਹਾ,''ਇਹ ਸਪੱਸ਼ਟ ਹੈ ਕਿ ਇਹ ਲੋਕਤੰਤਰੀ ਭਾਵਨਾ, ਨੈਤਿਕ ਆਚਰਣ ਅਤੇ ਪ੍ਰਸ਼ਾਸਨਿਕ ਸ਼ਿਸ਼ਟਾਚਾਰ ਦੇ ਉਲਟ ਹੈ। ਜਦੋਂ ਰਾਜ ਇਕ ਲੱਖ ਕਰੋੜ ਰੁਪਏ ਦੇ ਕਰਜ਼ 'ਚ ਡੁੱਬਿਆ ਹੋਵੇ, ਉਦੋਂ ਅਜਿਹੀਆਂ ਘਟਨਾਵਾਂ ਦਰਸਾਉਂਦੀਆਂ ਹਨ ਕਿ ਸਰਕਾਰ ਅਤੇ ਨੌਕਰਸ਼ਾਹੀ ਨੂੰ ਆਮ ਲੋਕਾਂ ਦੀਆਂ ਸਮੱਸਿਆਵਾਂ ਨਾਲ ਕੋਈ ਲੈਣ-ਦੇਣਾ ਨਹੀਂ ਹੈ।'' ਸਿੰਘ ਪਹਿਲਾਂ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਕਿਹਾ ਕਿ 'ਇਹ ਅਹੁਦੇ ਅਤੇ ਵਿੱਤੀ ਅਨੁਸ਼ਾਸਨ ਦੀ ਅਣਦੇਖੀ' ਦੇ ਨਾਲ-ਨਾਲ ਕੇਂਦਰੀ ਸਿਵਲ ਸੇਵਾ (ਆਚਰਣ) ਨਿਯਮ 1964 ਦੀ ਉਲੰਘਣਾ ਵੀ ਹੈ। ਵਿਧਾਇਕ ਅਤੇ ਭਾਜਪਾ ਦੇ ਮੁੱਖ ਬੁਲਾਰੇ ਰਣਧੀਰ ਸ਼ਰਮਾ ਨੇ ਸਵਾਲ ਚੁੱਕਿਆ ਕਿ ਨਕਦੀ ਦੀ ਕਮੀ ਨਾਲ ਜੂਝ ਰਿਹਾ ਰਾਜ ਇਸ ਤਰ੍ਹਾਂ ਦੀ ਫਿਜ਼ੂਲਖਰਚੀ ਕਿਵੇਂ ਬਰਦਾਸ਼ਤ ਕਰ ਸਕਦਾ ਹੈ।